ਸਿੱਧੂ ਨੂੰ ਲੰਮੀ ਉਡੀਕ ਮਗਰੋਂ ਮਿਲੇ ਰਾਹੁਲ

ਚੰਡੀਗੜ੍ਹ: ਕਾਂਗਰਸ ਆਗੂ ਨਵਜੋਤ ਸਿੱਧੂ ਦਿੱਲੀ ’ਚ ਲੰਮੀ ਉਡੀਕ ਕਰਨ ਮਗਰੋਂ ਅੱਜ ਕਾਂਗਰਸੀ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਸਕੇ। ਨਵਜੋਤ ਸਿੱਧੂ ਅੱਜ ਸ਼ਾਮ ਕਰੀਬ 7.30 ਵਜੇ ਰਾਹੁਲ ਗਾਂਧੀ ਨੂੰ ਮਿਲਣ ਲਈ ਪਹੁੰਚੇ। ਜ਼ਿਕਰਯੋਗ ਹੀ ਮੰਗਲਵਾਰ ਤੋਂ ਹੀ ਸਭ ਦੀਆਂ ਨਜ਼ਰਾਂ ਰਾਹੁਲ ਗਾਂਧੀ ਤੇ ਨਵਜੋਤ ਸਿੱਧੂ ਦੀ ਮੀਟਿੰਗ ’ਤੇ ਲੱਗੀਆਂ ਹੋਈਆਂ ਸਨ। ਸੂਤਰਾਂ ਅਨੁੁਸਾਰ ਰਾਹੁਲ ਗਾਂਧੀ ਤੇ ਨਵਜੋਤ ਸਿੱਧੂ ਦਰਮਿਆਨ ਮੀਟਿੰਗ ਵਿਚ ਅਗਲੀਆਂ ਚੋਣਾਂ ਦੀ ਰਣਨੀਤੀ ਬਾਰੇ ਵੀ ਚਰਚਾ ਹੋਈ। ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਜਾਂ ਫਿਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਗੱਲ ਹੋਈ ਹੈ ਜਿਸ ਦੀ ਕਿਤਿਓਂ ਵੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। ਰਾਹੁਲ ਗਾਂਧੀ ਨੇ ਨਵੇਂ ‘ਪੰਜਾਬ ਫ਼ਾਰਮੂਲਾ’ ਤੋਂ ਨਵਜੋਤ ਸਿੱਧੂ ਨੂੰ ਜਾਣੂ ਕਰਵਾ ਦਿੱਤਾ ਹੈ। ਮੀਟਿੰਗ ਦੌਰਾਨ ਹੋਈ ਚਰਚਾ ਬਾਰੇ ਹੋਰ ਵਿਸਤਾਰ ਵਿਚ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ। ਸਿੱਧੂ ਦੀ ਰਾਹੁਲ ਨਾਲ ਹੋਈ ਬੈਠਕ ਮੌਕੇ ਪ੍ਰਿਯੰਕਾ ਗਾਂਧੀ ਵੀ ਮੌਜੂਦ ਸੀ ਤੇ ਇਹ ਰਾਤ ਕਰੀਬ 8.40 ਤੱਕ ਚੱਲੀ।
ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਜਾਂ ਫਿਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਗੱਲ ਹੋਈ ਹੈ ਜਿਸ ਦੀ ਕਿਤਿਓਂ ਵੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। ਰਾਹੁਲ ਗਾਂਧੀ ਨੇ ਨਵੇਂ ‘ਪੰਜਾਬ ਫ਼ਾਰਮੂਲਾ’ ਤੋਂ ਨਵਜੋਤ ਸਿੱਧੂ ਨੂੰ ਜਾਣੂ ਕਰਵਾ ਦਿੱਤਾ ਹੈ। ਵੇਰਵਿਆਂ ਅਨੁਸਾਰ ਸਿੱਧੂ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਵਿਚ ਪ੍ਰਿਯੰਕਾ ਗਾਂਧੀ ਨੇ ਅੱਜ ਅਹਿਮ ਭੂਮਿਕਾ ਨਿਭਾਈ। ਪਹਿਲਾਂ ਕਾਂਗਰਸੀ ਨੇਤਾ ਪ੍ਰਿਯੰਕਾ ਗਾਂਧੀ ਨਾਲ ਅੱਜ ਨਵਜੋਤ ਸਿੱਧੂ ਨੇ ਕਰੀਬ 20 ਮਿੰਟ ਮੁਲਾਕਾਤ ਕੀਤੀ ਅਤੇ ਉਸ ਮਗਰੋਂ ਪ੍ਰਿਯੰਕਾ ਗਾਂਧੀ ਨੇ ਅੱਜ ਨਵਜੋਤ ਸਿੱਧੂ ਦੀ ਪੂਰਾ ਦਿਨ ਸਿਆਸੀ ਵਕਾਲਤ ਕੀਤੀ।
ਕਾਂਗਰਸੀ ਆਗੂ ਨਵਜੋਤ ਸਿੱਧੂ ਦੇ ਮਾਮਲੇ ’ਤੇ ਅੱਜ ਗਾਂਧੀ ਪਰਿਵਾਰ ਪੂਰਾ ਦਿਨ ਰੁਝੇਵੇਂ ਵਿਚ ਰਿਹਾ ਅਤੇ ਆਖਰ ਸ਼ਾਮ ਨੂੰ ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਨੂੰ ਮਿਲਣ ਦਾ ਸਮਾਂ ਦਿੱਤਾ। ਸੂਤਰ ਦੱਸਦੇ ਹਨ ਕਿ ਰਾਹੁਲ ਗਾਂਧੀ ਨਾਲ ਮੁਲਾਕਾਤ ਲਈ ਅੱਜ ਨਵਜੋਤ ਸਿੱਧੂ ਨੂੰ ਲੰਮੀ ਉਡੀਕ ਕਰਨੀ ਪਈ ਜਿਸ ਦੇ ਕਈ ਸਿਆਸੀ ਮਾਅਨੇ ਕੱਢੇ ਜਾ ਰਹੇ ਹਨ। ਚੇਤੇ ਰਹੇ ਕਿ ਸਿੱਧੂ ਮੰਗਲਵਾਰ ਹੀ ਰਾਹੁਲ ਗਾਂਧੀ ਨਾਲ ਮੀਟਿੰਗ ਲਈ ਦਿੱਲੀ ਪੁੱਜ ਗਏ ਸਨ ਪਰ ਅੱਗਿਓਂ ਰਾਹੁਲ ਗਾਂਧੀ ਨੇ ਦੋ ਟੁੱਕ ਲਫ਼ਜ਼ਾਂ ਵਿਚ ਆਖ ਦਿੱਤਾ ਸੀ ਕਿ ਉਨ੍ਹਾਂ ਦੀ ਨਵਜੋਤ ਸਿੱਧੂ ਨਾਲ ਕੋਈ ਮੀਟਿੰਗ ਤੈਅ ਨਹੀਂ ਸੀ। ਰਾਹੁਲ ਗਾਂਧੀ ਦੇ ਇਸ ਇਨਕਾਰ ਤੋਂ ਨਵਜੋਤ ਸਿੱਧੂ ਦੀ ਸਾਖ਼ ਨੂੰ ਸੱਟ ਲੱਗੀ ਸੀ। ਨਵਜੋਤ ਸਿੱਧੂ ਮੰਗਲਵਾਰ ਰਾਤ ਤੋਂ ਹੀ ਗਾਂਧੀ ਪਰਿਵਾਰ ਨਾਲ ਮੀਟਿੰਗ ਕਰਨ ਲਈ ਸਮਾਂ ਲੈਣ ਵਾਸਤੇ ਜੁੱਟ ਗਏ ਸਨ। ਸੂਤਰਾਂ ਅਨੁਸਾਰ ਅੱਜ ਪ੍ਰਿਯੰਕਾ ਗਾਂਧੀ ਨੇ ਸਿੱਧੂ ਨੂੰ ਮਿਲਣ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਘਰ ਗੇੜਾ ਲਾਇਆ। ਜਦੋਂ ਉਹ ਵਾਪਸ ਘਰ ਪਰਤੀ ਤਾਂ 11 ਵਜੇ ਨਵਜੋਤ ਸਿੱਧੂ ਨੂੰ ਕਰੀਬ ਵੀਹ ਮਿੰਟ ਮਿਲੀ। ਉਸ ਮਗਰੋਂ ਪ੍ਰਿਯੰਕਾ ਆਪਣੇ ਭਰਾ ਰਾਹੁਲ ਗਾਂਧੀ ਨੂੰ ਨਾਲ ਲੈ ਕੇ ਮਾਂ ਸੋਨੀਆ ਗਾਂਧੀ ਦੀ ਰਿਹਾਇਸ਼ ’ਤੇ ਗਈ। ਉਸ ਮਗਰੋਂ ਤਿੰਨੋਂ ਰਾਹੁਲ ਗਾਂਧੀ ਦੇ ਘਰ ਵਾਪਸ ਆ ਗਏ ਜਿਥੋਂ ਘੰਟੇ ਮਗਰੋਂ ਸੋਨੀਆ ਗਾਂਧੀ ਚਲੀ ਗਈ ਅਤੇ ਉਸ ਮਗਰੋਂ ਪ੍ਰਿਯੰਕਾ ਗਾਂਧੀ ਦੋ ਘੰਟੇ ਮਗਰੋਂ ਰਾਹੁਲ ਗਾਂਧੀ ਦੇ ਘਰ ਤੋਂ ਵਾਪਸ ਚਲੀ ਗਈ। ਨਜਵੋਤ ਸਿੱਧੂ ਨੂੰ ਸ਼ਾਮ ਤੱਕ ਰਾਹੁਲ ਗਾਂਧੀ ਨਾਲ ਮੁਲਾਕਾਤ ਦਾ ਇੰਤਜ਼ਾਰ ਕਰਨਾ ਪਿਆ।
ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਵਿਚ ਛਿੜੇ ਵਿਵਾਦ ਦੌਰਾਨ ਰਾਹੁਲ ਗਾਂਧੀ ਨੇ ਦਰਜਨਾਂ ਵਜ਼ੀਰਾਂ ਅਤੇ ਵਿਧਾਇਕਾਂ ਨਾਲ ਸਿੱਧੀ ਮੀਟਿੰਗ ਕੀਤੀ ਸੀ। ਕਨਸੋਆਂ ਹਨ ਕਿ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਲਈ ਹਾਈਕਮਾਨ ਤਿਆਰ ਹੈ ਪਰ ਪ੍ਰਿਯੰਕਾ ਗਾਂਧੀ ਨੇ ਅੱਜ ਨਵਜੋਤ ਸਿੱਧੂ ਲਈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮੰਗੀ ਹੈ।
ਸਿੱਧੂ ਨੇ ਟਵੀਟ ਕਰਕੇ ਸੁਖਬੀਰ ਵੱਲ ਵੀ ਛੱਡੀ ਮਿਜ਼ਾਈਲ
‘ਮਿਸ ਗਾਈਡਿਡ’ ਤੇ ਬੇਕਾਬੂ ਮਿਜ਼ਾਈਲ ਆਖੇ ਜਾਣ ਤੋਂ ਖ਼ਫ਼ਾ ਨਵਜੋਤ ਸਿੰਘ ਸਿੱਧੂ ਨੇ ਵੀ ਸੁਖਬੀਰ ਸਿੰਘ ਬਾਦਲ ਵੱਲ ਨਿਸ਼ਾਨਾ ਸੇਧਿਆ ਹੈ। ਸਿੱਧੂ ਨੇ ਇਕ ਟਵੀਟ ’ਚ ਕਿਹਾ, ‘‘ਮੇਰਾ ਨਿਸ਼ਾਨਾ ਤੁਹਾਡੇ ਭ੍ਰਿਸ਼ਟ ਕਾਰੋਬਾਰ ਨੂੰ ਤਬਾਹ ਕਰਨਾ ਹੈ ਅਤੇ ਜਦੋਂ ਤਕ ਪੰਜਾਬ ਨੂੰ ਬਰਬਾਦ ਕਰ ਕੇ ਬਣਾਏ ‘ਸੁੱਖ ਵਿਲਾਸ’ ਨੂੰ ਪੰਜਾਬ ਦੇ ਗਰੀਬਾਂ ਦੀ ਸੇਵਾ ਕਰਨ ਲਈ ਪਬਲਿਕ ਸਕੂਲ ਅਤੇ ਜਨਤਕ ਹਸਪਤਾਲ ਵਿਚ ਤਬਦੀਲ ਨਹੀਂ ਕਰ ਦਿੰਦਾ, ਇਸੇ ਤਰ੍ਹਾਂ ਕੰਮ ਕਰਦਾ ਰਹਾਂਗਾ।’’ ਚੇਤੇ ਰਹੇ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਬੇਅਦਬੀ ਮਾਮਲੇ ਵਿਚ ਕਈ ਵਾਰ ਬਾਦਲਾਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ।