ਆਟੋ ਰਿਕਸ਼ਿਆਂ ਵਿੱਚ ਸੁਰੱਖਿਆ: ਇੱਕ ਕਲਿੱਕ ’ਤੇ ਮਿਲੇਗੀ ਆਟੋ ਤੇ ਚਾਲਕ ਬਾਰੇ ਜਾਣਕਾਰੀ

ਲੁਧਿਆਣਾ: ਸਨਅਤੀ ਸ਼ਹਿਰ ਵਿੱਚ ਨਾਜਾਇਜ ਆਟੋ ਦੇ ਜ਼ਰੀਏ ਹੋਰ ਰਹੀਆਂ ਲੁੱਟਾਂ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਹੁਣ ਲੁਧਿਆਣਾ ਪੁਲੀਸ ਨੇ ਵੱਖਰੀ ਪਹਿਲ ਕੀਤੀ ਹੈ। ਪੁਲੀਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਨੇ ਅੱਜ ਸੇਫ਼ਆਟੋਪੀਬੀ ਐਪ ਜਾਰੀ ਕੀਤੀ ਹੈ। ਜਿਸਦੇ ਜ਼ਰੀਏ ਪੁਲੀਸ ਹਰ ਆਟੋ ਵਾਲੇ ਨੂੰ ਇੱਕ ਯੂਨਿਕ ਆਈਡੀ ਨੰਬਰ ਜਾਰੀ ਕਰੇਗੀ, ਜਿਸਦੀ ਮਦਦ ਨਾਲ ਨਾਕੇ ’ਤੇ ਖੜ੍ਹਾ ਕੋਈ ਵੀ ਪੁਲੀਸ ਮੁਲਾਜ਼ਮ ਉਸ ਆਟੋ ਤੇ ਉਸਦੇ ਚਾਲਕ ਸਬੰਧੀ ਸਾਰੀ ਜਾਣਕਾਰੀ ਇੱਕ ਕਲਿੱਕ ਦੇ ਜ਼ਰੀਏ ਲੈ ਸਕੇਗਾ। ਪੁਲੀਸ ਕਮਿਸ਼ਨਰ ਨੇ ਅੱਜ ਇਹ ਐਪ ਲਾਂਚ ਕੀਤੀ ਹੈ। ਨਾਲ ਹੀ ਪੁਲੀਸ ਨੇ ਸਾਰੇ ਆਟੋ ਚਾਲਕਾਂ ਨੂੰ ਜਲਦ ਤੋਂ ਜਲਦ ਆਪਣੇ ਆਟੋ ਸਬੰਧੀ ਸਾਰੇ ਦਸਤਾਵੇਜ਼ ਇਸ ਐਪ ਵਿੱਚ ਅਪਲੋਡ ਕਰਨ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਇਸ ਐਪ ਦੇ ਜ਼ਰੀਏ ਜੇ ਕੋਈ ਆਟੋ ਵਿੱਚ ਬੈਠਦਾ ਹੈ ਤਾਂ ਉਹ ਆਟੋ ’ਤੇ ਲੱਗੇ ਹੋਏ ਯੂਆਈਡੀ ਨੰਬਰ ਨੂੰ ਐਪ ਵਿੱਚ ਪਾ ਕੇ ਉਸ ਆਟੋ ਤੇ ਉਸਦੇ ਡਰਾਈਵਰ ਸਬੰਧੀ ਸਾਰੀ ਜਾਣਕਾਰੀ ਲੈ ਸਕੇਗਾ। ਇਹ ਬਹੁਤ ਹੀ ਆਸਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਯੂਆਈਡੀ ਨੰਬਰ ਦੇ ਪਾਉਂਦੇ ਹੀ ਆਟੋ ਚਾਲਕ ਦੀ ਸਾਰੀ ਜਾਣਕਾਰੀ ਸਣੇ ਉਸਦੀ ਫੋਟੋ ਵੀ ਹੋਵੇਗੀ। ਜਿਸਦਾ ਆਟੋ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ। ਖਾਸ ਤੌਰ ’ਤੇ ਇਹ ਔਰਤਾਂ ਦੇ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਅਗਰ ਕੋਈ ਆਟੋ ਚਾਲਕ ਇਸ ਐਪ ਤੋਂ ਯੂਆਈਡੀ ਨੰਬਰ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਨੇੜੇ ਦੇ ਸੇਵਾ ਕੇਂਦਰ ਵਿੱਚ ਜਾ ਕੇ ਆਪਣਾ ਡਰਾਈਵਿੰਗ ਲਾਇਸੈਂਸ, ਆਟੋ ਦੀ ਆਰਸੀ, ਪਰਮਿਟ ਤੇ ਪਤਾ ਦੇ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾ ਦੇਵੇ। ਜਿੱਥੇ ਸੇਵਾ ਕੇਂਦਰ ਦੇ ਮੁਲਾਜ਼ਮ ਉਹ ਸਾਰੀ ਜਾਣਕਾਰੀ ਸੇਫ਼ਆਟੋਪੀਬੀ ਐਪ ’ਤੇ ਅਪਲੋਡ ਕਰ ਦੇਣਗੇ ਤੇ ਉਸ ਆਟੋ ਨੂੰ ਇੱਕ ਯੂਆਈਡੀ ਨੰਬਰ ਵੀ ਜਾਰੀ ਹੋ ਜਾਵੇਗਾ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਇਸ ਐਪ ਦਾ ਜਿੱਥੇ ਆਮ ਲੋਕਾਂ ਨੂੰ ਫਾਇਦਾ ਮਿਲੇਗਾ, ਉਥੇ ਹੀ ਆਟੋ ਵਾਲਿਆਂ ਨੂੰ ਇਹ ਫਾਇਦਾ ਹੋਵੇਗਾ ਕਿ ਉਨ੍ਹਾਂ ਨੂੰ ਥਾਂ ਥਾਂ ਰੁੱਕ ਕੇ ਕਾਗਜ਼ ਚੈੱਕ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ, ਉਨ੍ਹਾਂ ਦੀ ਯੂਆਈਡੀ ਨੰਬਰ ਤੋਂ ਇੱਕ ਕਲਿੱਕ ਦੇ ਜਰੀਏ ਹੀ ਸਾਰੀ ਜਾਣਕਾਰੀ ਪੁਲੀਸ ਨੂੰ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਇਸਦੇ ਨਾਲ ਲੁਧਿਆਣਾ ਵਿੱਚ ਜੋ ਕੁੱਝ ਗਲਤ ਅਨਸਰ ਆਟੋ ਵਿੱਚ ਪ੍ਰਵਾਸੀ ਮਜ਼ਦੂਰਾਂ ਤੇ ਔਰਤਾਂ ਨਾਲ ਲੁੱਟਾਂ ਖੋਹਾਂ ਤੇ ਹੋਰ ਵਾਰਦਾਤਾਂ ਕਰਦੇ ਹਨ, ਉਨ੍ਹਾਂ ਨੂੰ ਠੱਲ੍ਹ ਪਵੇਗੀ।