ਕਿਸਾਨਾਂ ਨੇ ਭਾਜਪਾ ਆਗੂ ਅਸ਼ਵਨੀ ਸ਼ਰਮਾ ਨੂੰ ਘੇਰਿਆ

ਗੜ੍ਹਸ਼ੰਕਰ: ਤਹਿਸੀਲ ਦੇ ਨੀਮ ਪਹਾੜੀ ਪਿੰਡ ਬੀਣੇਵਾਲ ਵਿੱਚ ਅੱਜ ਉਦੋਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਹੋਰ ਆਗੂਆਂ ਦਾ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਤੇ ਕਿਸਾਨਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਪੁਲੀਸ ਨੇ ਬੜੀ ਜੱਦੋ-ਜਹਿਦ ਕਰਕੇ ਭਾਜਪਾ ਆਗੂਆਂ ਨੂੰ ਉਨ੍ਹਾਂ ਦੀ ਮੰਜ਼ਿਲ ਵੱਲ ਰਵਾਨਾ ਕੀਤਾ।
ਜਾਣਕਾਰੀ ਅਨੁਸਾਰ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰ ਆਗੂ ਅੱਜ ਨੀਮ ਪਹਾੜੀ ਪਿੰਡ ਬੀਣੇਵਾਲ ਵਿੱਚ ਸਥਿਤ ਧਾਰਮਿਕ ਅਸਥਾਨ ’ਤੇ ਰੁਕੇ ਸਨ। ਕਿਸਾਨਾਂ ਨੂੰ ਜਿਉਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗਰੀਬ ਦਾਸ ਬੀਟਨ, ਆਲ ਇੰਡੀਆ ਜੱਟ ਮਹਾਂਸਭਾ ਦੇ ਸਕੱਤਰ ਅਜਾਇਬ ਬੋਪਾਰਾਏ, ਸਮਿਤੀ ਮੈਂਬਰ ਮੋਹਨ ਲਾਲ, ਅਕਾਲੀ ਆਗੂ ਜਗਦੇਵ ਸਿੰਘ ਗੜੀ ਮਾਨਸੋਵਾਲ ਆਦਿ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਭਾਜਪਾ ਆਗੂਆਂ ਦੀ ਉਕਤ ਧਾਰਮਿਕ ਕੁਟੀਆ ਵਿੱਚੋਂ ਨਿਕਲਣ ਸਮੇਂ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ’ਤੇ ਖੇਤੀ ਵਿਰੋਧੀ ਕਾਨੂੰਨ ਪਾਸ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਜਦੋਂ ਤੱਕ ਉਕਤ ਕਾਨੂੰਨ ਰੱਦ ਨਹੀਂ ਹੋ ਜਾਂਦੇ ਭਾਜਪਾ ਆਗੂਆਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ। ਇਸ ਮੌਕੇ ਪੁਲੀਸ ਅਧਿਕਾਰੀਆਂ ਤੇ ਕਿਸਾਨਾਂ ਵਿਚਕਾਰ ਧੱਕਾ-ਮੁੱਕੀ ਵੀ ਹੋਈ ਤੇ ਪੁਲੀਸ ਦੀ ਮਦਦ ਨਾਲ ਭਾਜਪਾ ਆਗੂਆਂ ਦੀਆਂ ਗੱਡੀਆਂ ਦਾ ਕਾਫਲਾ ਬੜੀ ਮੁਸ਼ਕਲ ਨਾਲ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਸਕਿਆ। ਇਸ ਮੌਕੇ ਸਮਿਤੀ ਮੈਂਬਰ ਕੁਲਭੂਸ਼ਣ ਕੁਮਾਰ, ਪ੍ਰਵੀਨ ਰਾਣਾ, ਦਵਿੰਦਰ ਦੇਬੀ ਸਰਪੰਚ ਟਿੱਬੀਆਂ, ਸਤੀਸ਼ ਸ਼ਰਮਾ, ਜੰਗ ਬਹਾਦਰ ਕਾਕੂ, ਜਸਵਿੰਦਰ ਸਿੰਘ, ਰਾਮ ਪਾਲ ਆਦਿ ਸਮੇਤ ਹੋਰ ਕਈ ਕਿਸਾਨ ਹਾਜ਼ਰ ਸਨ।