ਪਾਕਿ ’ਚ ਭਾਰਤੀ ਹਾਈ ਕਮਿਸ਼ਨ ’ਤੇ ਦਿਖਿਆ ਡਰੋਨ

ਇਸਲਾਮਾਬਾਦ: ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਉੱਪਰ ਲੰਘੇ ਹਫ਼ਤੇ ਇੱਕ ਡਰੋਨ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਭਾਰਤ ਨੇ ਇਸ ਮਾਮਲੇ ’ਚ ਪਾਕਿਸਤਾਨ ਸਾਹਮਣੇ ਸਖਤ ਇਤਰਾਜ਼ ਦਰਜ ਕਰਵਾਇਆ ਹੈ। ਉੱਧਰ ਪਾਕਿਸਤਾਨ ਨੇ ਭਾਰਤ ਦੇ ਡਰੋਨ ਸਬੰਧੀ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਇਸੇ ਦੌਰਾਨ ’ਚ ਜੰਮੂ ’ਚ ਬੀਐੱਸਐੱਫ ਨੇ ਕੌਮਾਂਤਰੀ ਸਰਹੱਦ ਤੋਂ ਭਾਰਤੀ ਇਲਾਕੇ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਸ਼ੱਕੀ ਪਾਕਿਸਤਾਨੀ ਨਿਗਰਾਨੀ ਡਰੋਨ ’ਤੇ ਗੋਲੀਆਂ ਚਲਾ ਕੇ ਉਸ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਕੰਪਲੈਕਸ ’ਤੇ ਲੰਘੇ ਹਫ਼ਤੇ ਇੱਕ ਡਰੋਨ ਦੇਖਿਆ ਗਿਆ ਸੀ ਅਤੇ ਪਾਕਿਸਤਾਨ ਨੂੰ ਇਸ ਘਟਨਾ ਤੇ ਸੁਰੱਖਿਆ ਸਬੰਧੀ ਅਣਗਹਿਲੀ ਦੀ ਜਾਂਚ ਕਰਵਾਉਣ ਲਈ ਕਿਹਾ ਹੈ। ਭਾਰਤੀ ਮਿਸ਼ਨ ਨੇ ਇਸ ਘਟਨਾ ਨੂੰ ਲੈ ਕੇ ਪਾਕਿਸਤਾਨ ਅੱਗੇ ਸਖਤ ਰੋਸ ਵੀ ਜ਼ਾਹਿਰ ਕੀਤਾ ਹੈ। ਜੰਮੂ ’ਚ ਏਅਰ ਫੋਰਸ ਸਟੇਸ਼ਨ ’ਤੇ 27 ਜੂਨ ਨੂੰ ਡਰੋਨਾਂ ਦੀ ਮਦਦ ਨਾਲ ਕੀਤੇ ਗਏ ਧਮਾਕਿਆਂ ਦੀ ਘਟਨਾ ਤੋਂ ਬਾਅਦ ਇਸ ਘਟਨਾ ਨੇ ਸੁਰੱਖਿਆ ਸਬੰਧੀ ਚਿੰਤਾਵਾਂ ਵਧਾ ਦਿੱਤੀਆਂ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪੱਤਰਕਾਰਾਂ ਨੂੰ ਦੱਸਿਆ, ‘ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ’ਤੇ 26 ਜੂਨ ਨੂੰ ਇੱਕ ਡਰੋਨ ਮੰਡਰਾਉਂਦਾ ਦੇਖਿਆ ਗਿਆ ਹੈ। ਇਸ ਮਸਲਾ ਅਧਿਕਾਰਤ ਤੌਰ ’ਤੇ ਪਾਕਿਸਤਾਨ ਸਰਕਾਰ ਕੋਲ ਚੁੱਕਿਆ ਗਿਆ ਹੈ। ਸਾਨੂੰ ਆਸ ਹੈ ਕਿ ਪਾਕਿਸਤਾਨ ਇਸ ਘਟਨਾ ਅਤੇ ਸੁਰੱਖਿਆ ਸਬੰਧੀ ਹੋਈ ਅਣਗਹਿਲੀ ਦੀ ਜਾਂਚ ਕਰੇਗਾ।’ ਇਹ ਵੀ ਦੱਸਿਆ ਗਿਆ ਹੈ ਕਿ ਜਦੋਂ ਕੰਪਲੈਕਸ ’ਤੇ ਡਰੋਨ ਦੇਖਿਆ ਗਿਆ ਤਾਂ ਮਿਸ਼ਨ ’ਚ ਇੱਕ ਸਮਾਗਮ ਚੱਲ ਰਿਹਾ ਸੀ। ਜੰਮੂ ਏਅਰ ਬੇਸ ’ਤੇ ਹੋਏ ਡਰੋਨ ਹਮਲੇ ਬਾਰੇ ਬਾਗਚੀ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਜਾਂਚ ਚੱਲ ਰਹੀ ਹੈ।