ਭਾਰਤੀ ਸਫ਼ੀਰ ਸੰਧੂ ਵੱਲੋਂ ਵ੍ਹਾਈਟ ਹਾਊਸ ’ਚ ਨੌਜਵਾਨ ਆਗੂਆਂ ਨਾਲ ਮੁਲਾਕਾਤ

ਵਾਸ਼ਿੰਗਟਨ: ਅਮਰੀਕਾ ਵਿੱਚ ਭਾਰਤ ਦੇ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਨੌਜਵਾਨ ਨੇਤਾਵਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕੂਟਨੀਤੀ ਦੀਆਂ ਗੁੰਝਲਾਂ ਉੱਤੇ ਅਤੇ ਦੁਨੀਆਂ ਦੇ ਸਭ ਤੋਂ ਪੁਰਾਣੇ ਲੋਕਤੰਤਰਾਂ ਵਿਚਾਲੇ ਸਬੰਧਾਂ ਬਾਰੇ ਚਰਚਾ ਕੀਤੀ। 

ਸ੍ਰੀ ਸੰਧੂ ਨੇ ਟਵੀਟ ਕੀਤਾ, ‘ਆਈਜ਼ਨਹਾਵਰ ਐਗਜ਼ੀਕਿਊਟਿਵ ਆਫ਼ਿਸ ਬਿਲਡਿੰਗ ਵਿੱਚ ਵ੍ਹਾਈਟ ਹਾਊਸ ਦੇ ਸਾਥੀਆਂ ਨਾਲ ਗੱਲਬਾਤ ਵਧੀਆ ਰਹੀ।’ ਇਹ ਬਿਲਡਿੰਗ ਵ੍ਹਾਈਟ ਹਾਊਸ ਕੰਪਲੈਕਸ ਦਾ ਹਿੱਸਾ ਹੈ। ਉਨ੍ਹਾਂ ਕਿਹਾ, ‘ਵੱਖ-ਵੱਖ ਖੇਤਰਾਂ ’ਚ ਉੱਭਰਦੇ ਨੌਜਵਾਨ ਅਮਰੀਕੀ ਨੇਤਾਵਾਂ ਦੇ ਇਸ ਗਰੁੱਪ ਨਾਲ ਕੂਟਨੀਤੀ, ਭਾਰਤ-ਅਮਰੀਕਾ ਸਬੰਧਾਂ, ਖੇਤਰੀ ਵਿਕਾਸ, ਸਿਹਤ ਦੇਖਭਾਲ, ਊਰਜਾ, ਵਾਤਾਵਰਨ ਅਤੇ ਸਿੱਖਿਆ ਤੋਂ ਲੈ ਕੇ ਹੋਰ ਕਈ ਵਿਸ਼ਿਆ ਬਾਰੇ ਗੱਲਬਾਤ ਹੋਈ।’

ਜ਼ਿਕਰਯੋਗ ਹੈ ਕਿ ‘ਵ੍ਹਾਈਟ ਹਾਊਸ ਫੈਲੋਸ਼ਿਪ’ ਦੀ ਸ਼ੁਰੂੁਆਤ 1964 ਵਿੱਚ ਕੀਤੀ ਗਈ ਸੀ, ਜਿਸ ਵਿੱਚ ਨੌਜਵਾਨ ਨੇਤਾਵਾਂ ਨੂੰ ਸਰਕਾਰ ਦੇ ਸਿਖਰਲੇ ਪੱਧਰਾਂ ’ਤੇ ਕੰਮ ਕਰਨ ਦਾ ਪ੍ਰਤੱਖ ਤਜਰਬਾ ਦੇਣ ਲਈ ਸੰਘੀ ਸਰਕਾਰ ’ਚ ਸ਼ਾਮਲ ਕੀਤਾ ਜਾਂਦਾ ਹੈ। ਇਸ ਅਨੋਖੀ ਪਹਿਲ ਦਾ ਇੱਕ ਮੁੱਖ ਹਿੱਸਾ ਸਿੱਖਿਆ ਪ੍ਰੋਗਰਾਮ ਹੈ, ਜਿਸ ਵਿੱਚ ਸਮਾਜ ਦੀਆਂ ਮੁੱਖ ਸ਼ਖਸੀਅਤਾਂ ਇਨ੍ਹਾਂ ਨੌਜਵਾਨਾਂ ਨਾਲ ਮੁਲਾਕਾਤ ਕਰਦੀਆਂ ਹਨ। ਇਸ ਤੋਂ ਪਹਿਲਾਂ ਸਾਬਕਾ ਵਿਦੇਸ਼ ਮੰਤਰੀ ਕੌਲਿਨ ਪਾਵੇਲ ਵਰਗੇ ਅਹਿਮ ਨੇਤਾ ਵੀ ਇਨ੍ਹਾਂ ਨੂੰ ਸੰਬੋਧਨ ਕਰ ਚੁੁੱਕੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਸੱਤਾ ਸੰਭਾਲਣ ਮਗਰੋਂ ਸ੍ਰੀ ਸੰਧੂ ਪਹਿਲੀ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਨੂੰ ਇਸ ਮੁਲਾਕਾਤ ਲਈ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ ਸੀਐੱਨਐੱਨ ਦੇ ਡਾ. ਸੰਜੈ ਗੁਪਤਾ, ਈਵੀਪੀ ਵੈਕਸੀਨ ਦੇ ਰਾਜੀਵ ਵੈਂਕੱਈਆ ਵਰਗੇ ਕਈ ਅਹਿਮ ਭਾਰਤੀ-ਅਮਰੀਕੀ ਵੀ ਇਸ ਗੱਲਬਾਤ ਲਈ ਚੁਣੇ ਜਾ ਚੁੱਕੇ ਹਨ। ਫਲੋਰਿਡਾ ਦੀ ਭਾਰਤੀ-ਅਮਰੀਕੀ ਪ੍ਰਿਆ ਡਾਂਡੀਆ ਨੂੰ 2020-21 ਦੀ ਵ੍ਹਾਈਟ ਹਾਊਸ ਫੈਲੋਸ਼ਿਪ ਲਈ ਚੁਣਿਆ ਗਿਆ ਹੈ। ਉਹ ਨਿਊਯਾਰਕ ਦੇ ਹਰਲੇਮ ਵਿੱਚ ‘ਡੈਮੋਕ੍ਰੇਸੀ ਪ੍ਰੈੱਪ ਇੰਡੋਰੈਂਸ ਹਾਈ ਸਕੂਲ’ ਦੀ ਮੁੱਖ ਸੰਸਥਾਪਕ ਹੈ। ਉਨ੍ਹਾਂ ਦੇ ਸਕੂਲ ਤੋਂ ਗਰੈਜੂਏਟ ਸਾਰੇ ਜਣੇ ਵਿੱਤੀ ਹਾਲਤ ਕਮਜ਼ੋਰ ਹੋਣ ਦੇ ਬਾਵਜੂਦ ਕਾਲਜ ’ਚ ਦਾਖ਼ਲਾ ਲੈਣ ’ਚ ਸਫਲ ਰਹਿੰਦੇ ਹਨ।

Leave a Reply

Your email address will not be published. Required fields are marked *