ਫਿਲਪੀਨੀ ਸੈਨਾ ਦਾ ਜਹਾਜ਼ ਹਾਦਸਾਗ੍ਰਸਤ, 31 ਹਲਾਕ

ਮਨੀਲਾ: ਫਿਲਪੀਨਜ਼ ਹਵਾਈ ਸੈਨਾ ਦਾ ਸੀ-130 ਜਹਾਜ਼ ਲੈਂਡ ਕਰਨ ਸਮੇਂ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ 31 ਜਵਾਨ ਮਾਰੇ ਗਏ ਜਦਕਿ ਸੜ ਰਹੇ ਮਲਬੇ ’ਚੋਂ 50 ਸੈਨਿਕਾਂ ਨੂੰ ਬਚਾਅ ਲਿਆ ਗਿਆ ਹੈ। ਰੱਖਿਆ ਸਕੱਤਰ ਡੈਲਫਿਨ ਲੋਰੇਨਜ਼ਾਨਾ ਨੇ ਦੱਸਿਆ ਕਿ ਜਹਾਜ਼ ’ਚ 92 ਵਿਅਕਤੀ ਸਵਾਰ ਸਨ ਜਿਨ੍ਹਾਂ ’ਚੋਂ ਤਿੰਨ ਪਾਇਲਟ ਤੇ ਅਮਲੇ ਦੇ ਪੰਜ ਮੈਂਬਰ ਅਤੇ ਬਾਕੀ ਸੈਨਿਕ ਸਨ। ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ’ਚ ਤਿੰਨੋਂ ਪਾਇਲਟ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ। 

ਹਾਦਸੇ ’ਚ ਚਾਰ ਪਿੰਡ ਵਾਸੀ ਵੀ ਜ਼ਖ਼ਮੀ ਹੋਏ ਹਨ। ਅਮਰੀਕੀ ਹਵਾਈ ਸੈਨਾ ਦੇ ਦੋ ਲੌਕਹੀਡ ਸੀ-130 ਹਰਕੁਲੀਜ਼ ਜਹਾਜ਼ ਫਿਲਪੀਨਜ਼ ਨੂੰ ਇਸ ਸਾਲ ਸੌਂਪੇ ਗਏ ਸਨ। ਫ਼ੌਜ ਮੁਖੀ ਜਨਰਲ ਸਿਰੀਲੀਟੋ ਸੋਬੇਜਾਨਾ ਨੇ ਦੱਸਿਆ ਕਿ ਜਹਾਜ਼ ਸੁਲੂ ਪ੍ਰਾਂਤ ਦੇ ਪਹਾੜੀ ਕਸਬੇ ਪਾਟੀਕੁਨ ਦੇ ਪਿੰਡ ਬੰਗਕਲ ’ਚ ਐਤਵਾਰ ਨੂੰ ਦੁਪਹਿਰ ਸਮੇਂ ਹਾਦਸਾਗ੍ਰਸਤ ਹੋਇਆ। ਫ਼ੌਜੀ ਅਧਿਕਾਰੀਆਂ ਨੇ ਕਿਹਾ ਕਿ 50 ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ ਜਦਕਿ ਬਾਕੀਆਂ ਦੀ ਭਾਲ ਚੱਲ ਰਹੀ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਜਦੋਂ ਜਹਾਜ਼ ਜ਼ਮੀਨ ਨਾਲ ਟਕਰਾਇਆ ਤਾਂ ਕਈ ਜਵਾਨ ਉਸ ’ਚੋਂ ਛਾਲਾਂ ਮਾਰ ਕੇ ਬਾਹਰ ਨਿਕਲ ਆਏ ਅਤੇ ਉਹ ਧਮਾਕੇ ਦੇ ਅਸਰ ਤੋਂ ਬਚ ਗਏ। ਜਹਾਜ਼ ਜਵਾਨਾਂ ਨੂੰ ਲੈ ਕੇ ਜਾ ਰਿਹਾ ਸੀ ਜਿਨ੍ਹਾਂ ’ਚ ਜ਼ਿਆਦਾਤਰ ਰੰਗਰੂਟ ਸਨ ਜਿਨ੍ਹਾਂ ਹੁਣੇ ਜਿਹੇ ਸਿਖਲਾਈ ਲਈ ਸੀ। ਹਾਦਸੇ ਦੇ ਕਾਰਨਾਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ ਹੈ।

Leave a Reply

Your email address will not be published. Required fields are marked *