ਗ਼ਦਰ ਲਹਿਰ ਦਾ ਗਲਪਕਾਰ ਗਿਆਨੀ ਕੇਸਰ ਸਿੰਘ

ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ

ਦੇਸ਼ ਦੀ ਆਜ਼ਾਦੀ ਦੀਆਂ ਕਈ ਇਨਕਲਾਬੀ ਲਹਿਰਾਂ ਬਾਹਰਲੇ ਦੇਸ਼ਾਂ ’ਚ ਜਨਮੀਆਂ। ਗ਼ਦਰ ਪਾਰਟੀ ਦਾ ਜਨਮ ਵੀ ਮੁੱਖ ਰੂਪ ’ਚ ਅਮਰੀਕਾ-ਕੈਨੇਡਾ ’ਚ ਹੀ ਹੋਇਆ। ਕੰਮ-ਕਾਜ ਦੀ ਤਲਾਸ਼ ਵਿਚ ਬਾਹਰ ਗਏ ਭਾਰਤੀ ਉੱਥੇ ਆਰਾ ਮਿੱਲਾਂ ਤੇ ਕਾਰਖਾਨਿਆਂ ਆਦਿ ਵਿਚ ਕੰਮ ਕਰਦੇ ਸਨ। ਜਦੋਂ ਮਜ਼ਦੂਰੀ ਦੇਣ ਲੱਗਿਆਂ ਉਨ੍ਹਾਂ ਨਾਲ ਵਿਤਕਰਾ ਹੁੰਦਾ ਤਾਂ ਮਨ ਵਿੱਚ ਰੋਸ ਪੈਦਾ ਹੁੰਦਾ ਅਤੇ ਇਹ ਹੌਲੀ-ਹੌਲੀ ਕ੍ਰਾਂਤੀ ਦਾ ਰੂਪ ਧਾਰ ਲੈਂਦਾ। ਇਸ ਬਾਰੇ ਉਹ ਵਿਅਕਤੀ ਹੀ ਵਧੇਰੇ ਸੂਝ ਨਾਲ ਲਿਖ ਸਕਦਾ ਹੈ, ਜੋ ਉਥੇ ਹਾਜ਼ਰ ਰਿਹਾ ਹੋਵੇ। ਜੇ ਪੰਜਾਬੀ ਸਾਹਿਤ ਵਿੱਚ ਗ਼ਦਰ ਲਹਿਰ ਨੂੰ ਆਧਾਰ ਬਣਾ ਕੇ ਲਿਖੇ ਗਏ ਨਾਵਲਾਂ ਦੀ ਗੱਲ ਕੀਤੀ ਜਾਵੇ ਤਾਂ ਸਿਰਫ ਗਿਆਨੀ ਕੇਸਰ ਸਿੰਘ ਦਾ ਨਾਂ ਹੀ ਸਾਹਮਣੇ ਆਉਂਦਾ ਹੈ, ਜਿਨ੍ਹਾਂ ਨੇ ਸੰਪੂਰਨ ਰੂਪ ਵਿਚ ਗ਼ਦਰ ਲਹਿਰ ਨੂੰ ਪਹਿਲਾਂ ਅੱਖੀਂ ਦੇਖਿਆ ਤੇ ਫਿਰ ਆਪਣੇ ਨਾਵਲਾਂ ਵਿਚ ਪੇਸ਼ ਕੀਤਾ। ਕੇਸਰ ਸਿੰਘ ਦੇ ਨਾਵਲਾਂ ਦੀ ਸੂਚੀ ਨੂੰ ਜੇ ਧਿਆਨ ਵਿਚ ਲਿਆਈਏ ਤਾਂ ਕਈ ਨਾਵਲਾਂ ਦੇ ਨਾਂ ਵੀ ਗ਼ਦਰ ਨਾਇਕਾਂ ਦੇ ਨਾਂ ’ਤੇ ਹੀ ਰੱਖੇ ਗਏ ਹਨ; ਜਿਵੇਂ ਮਦਨ ਲਾਲ ਢੀਂਗਰਾ, ਹਰੀ ਸਿੰਘ ਉਸਮਾਨ, ਕਰਤਾਰ ਸਿੰਘ ਸਰਾਭਾ, ਮੇਵਾ ਸਿੰਘ ਲੋਪੋਕੇ, ਊਧਮ ਸਿੰਘ ਆਦਿ। ਦੂਸਰੀ ਕਿਸਮ ਦੇ ਨਾਵਲ ਅਜਿਹੇ ਹਨ ਜਿਨ੍ਹਾਂ ਵਿੱਚ ਵਿਸ਼ਾ ਵਸਤੂ ਤਾਂ ਗ਼ਦਰ ਲਹਿਰ ’ਤੇ ਆਧਾਰਤ ਹੈ ਪਰ ਕਿਸੇ ਵਿਅਕਤੀ ਦੇ ਨਾਂ ’ਤੇ ਨਹੀਂ ਸਗੋਂ ਸਮੁੱਚੇ ਤੌਰ ’ਤੇ ਸਾਰੇ ਗ਼ਦਰ ਨਾਇਕਾਂ ਦੀ ਕੁਰਬਾਨੀ ਦੀ ਕਹਾਣੀ ਪੇਸ਼ ਕੀਤੀ ਗਈ ਹੈ। ‘ਜੰਞ ਲਾੜਿਆਂ ਦੀ’ ਨਾਵਲ ਵਿਚ ਸਾਰੇ ਲਾੜੇ ਗ਼ਦਰ ਲਹਿਰ ਦੇ ਨਾਇਕ ਹਨ। ਨਾਵਲ ‘ਵਾਰੇ ਸ਼ਾਹ ਦੀ ਮੌਤ’ ਵਿਚ ਵੀ ਲੇਖਕ ਇਸ ਗੱਲ ਨਾਲ ਮਾਯੂਸੀ ਪ੍ਰਗਟ ਕਰਦਾ ਹੈ ਕਿ ਪੰਜਾਬੀ ਸੱਭਿਆਚਾਰ ਇਸ ਤਰ੍ਹਾਂ ਅਲੋਪ ਹੋ ਰਿਹਾ ਹੈ ਜਿਵੇਂ ਵਾਰਿਸ ਸ਼ਾਹ ਦੀ ਮੌਤ ਹੋ ਗਈ ਹੈ। ਇਸੇ ਤਰ੍ਹਾਂ ਕੇਸਰ ਸਿੰਘ ਦਾ ਵੱਡ ਆਕਾਰੀ ਨਾਵਲ ‘ਜੰਗੀ ਕੈਦੀ’ ਵਿਚ ਵੀ ਗ਼ਦਰ ਲਹਿਰ ਨੂੰ ਪ੍ਰਗਟਾਇਆ ਗਿਆ ਹੈ।

ਇਤਿਹਾਸਕ ਨਾਵਲ ਵਾਰਤਕ ਵਿਚ ਲਿਖੀ ਹੋਈ ਉਹ ਰਚਨਾ ਹੈ, ਜਿਸ ਵਿਚ ਕਿਸੇ ਇਤਿਹਾਸਕ ਲਹਿਰ, ਇਤਿਹਾਸਕ ਵਿਅਕਤੀ, ਇਤਿਹਾਸਕ ਘਟਨਾ, ਇਤਿਹਾਸਕ ਦ੍ਰਿਸ਼ ਜਾਂ ਇਤਿਹਾਸ ਦੇ ਕਿਸੇ ਅਹਿਮ ਦੌਰ ਦਾ ਸਮਾਂ ਸਾਡੇ ਸਾਹਮਣੇ ਪੇਸ਼ ਹੋਵੇ, ਜਿਸ ਨਾਲ ਅਸੀਂ ਉਸ ਸਮੇਂ ਨਾਲ ਜੁੜ ਸਕੀਏ। ਸਾਹਿਤ ਤੇ ਇਤਿਹਾਸਕ ਨਾਵਲ ਦੋਵੇਂ ਇਕ ਦੂਸਰੇ ਨਾਲ ਬਿਲਕੁਲ ਵਿਰੋਧੀ ਸਿਰੇ ’ਤੇ ਹੁੰਦੇ ਹਨ। ਜੇ ਨਾਵਲਕਾਰ ਸਿਰਫ ਨਾਵਲ ਵਿਚ ਇਤਿਹਾਸਕ ਗੱਲਾਂ ਹੀ ਕਰੇ ਤਾਂ ਇਹ ਕੇਵਲ ਇਤਿਹਾਸ ਦੀ ਪੁਸਤਕ ਬਣ ਕੇ ਰਹਿ ਜਾਵੇਗੀ। ਇਸੇ ਤਰ੍ਹਾਂ ਜੇ ਨਾਵਲਕਾਰ ਸਿਰਫ ਕਲਪਨਾ ਦੀ ਵਰਤੋਂ ਕਰਦਾ ਹੈ ਤੇ ਸਾਰੇ ਪਾਤਰ ਕਲਪਨਾ ’ਤੇ ਆਧਾਰਤ ਹੀ ਹੁੰਦੇ ਹਨ ਤਾਂ ਇਹ ਵੀ ਇਤਿਹਾਸਕ ਪੱਖ ਤੋ ਉੁੂਣਾ ਹੁੰਦਾ ਹੈ। ਇਸ ਲਈ ਕਲਪਨਾ ਤੇ ਇਤਿਹਾਸ ਦਾ ਸਹੀ ਅਨੁਪਾਤ ਵਿਚ ਮਿਸ਼ਰਨ ਹੀ ਕਿਸੇ ਨਾਵਲ ਨੂੰ ਇਤਿਹਾਸਕ ਬਣਾਉਂਦਾ ਹੈ। ਇਤਿਹਾਸਕ ਲੇਖਕ ਆਪਣੇ ਆਪ ਵਿਚ ਆਜ਼ਾਦ ਨਹੀਂ ਹੁੰਦਾ। ਉਸ ’ਤੇ ਇਹ ਪਾਬੰਦੀ ਹੁੰਦੀ ਹੈ ਕਿ ਜਿਸ ਇਤਿਹਾਸ, ਘਟਨਾ ਦਾ ਉਹ ਜ਼ਿਕਰ ਕਰ ਰਿਹਾ ਹੈ, ਉਹ ਇਤਿਹਾਸ ’ਤੇ ਪੂਰੀ ਉਤਰਨ ਦੀ ਯੋਗਤਾ ਰੱਖੇ। ਇਸ ਗੱਲ ਦੀ ਪ੍ਰੋੜਤਾ ਕਰਦਾ ਪ੍ਰਸਿੱਧ ਵਿਦਵਾਨ ਜੋਨਾਥਨ ਵਾਈਲਡ ਲਿੱਖਦਾ ਹੈ, ‘‘ਇੱਕ ਰਚਨਾ ਤਾਂ ਹੀ ਇਤਿਹਾਸਕ ਬਣ ਸਕਦੀ ਹੈ ਜੇ ਉਸ ਵਿਚ ਸੱਚੀਆਂ ਤਰੀਕਾਂ ਅਤੇ ਇਤਿਹਾਸਕ ਘਟਨਾਵਾਂ ਦੀ ਸਬੂਤਾਂ ਸਹਿਤ ਜਾਣਕਾਰੀ ਦਿੱਤੀ ਜਾ ਸਕੇ।’’ ਇਤਿਹਾਸਕ ਨਾਵਲ ਵਿਚ ਉਸ ਸਮੇਂ ਦੇ ਸਾਰੇ ਲੋਕ ਵੀ ਸਾਡੇ ਸਮੇਂ ਨਾਲੋਂ ਅਲੱਗ ਦਿਸਣੇ ਚਾਹੀਦੇ ਹਨ। ਇਤਿਹਾਸਕ ਨਾਵਲ ਸਿਰਫ ਕੁੱਝ ਲੋਕਾਂ ਦੀ ਕਹਾਣੀ ਪੇਸ਼ ਨਹੀਂ ਕਰਦਾ ਸਗੋਂ ਸਾਰੇ ਲੋਕ ਹੀ ਇਤਿਹਾਸਕ ਲੱਗਣੇ ਚਾਹੀਦੇ ਹਨ। ਇਹ ਭਿੰਨਤਾ ਉਨ੍ਹਾਂ ਦੀ ਪੌਸ਼ਾਕ, ਬੋਲੀ, ਰਸਮੋ-ਰਿਵਾਜ਼ ਨਾਲ ਪੇਸ਼ ਕੀਤੀ ਜਾ ਸਕਦੀ ਹੈ। ਨਾਵਲ ‘ਜੰਞ ਲਾੜਿਆਂ ਦੀ’ ਵਿੱਚ ਇਕ ਪਾਤਰ ਮੂਹੋਂ ਇਹ ਵਾਰਤਾਲਾਪ ਭਾਸ਼ਾ ਦੇ ਪੱਖ ਤੋਂ ਇਕ ਮਿਸਾਲ ਬਣ ਜਾਂਦਾ ਹੈ, ‘‘ਭਾਈ ਸਾਹਿਬ ਅਸੀਂ ਤਾਂ ਜੰਞੀ ਹਾਂ। ਚੜਨੈ ਜੰਞ। ਲਾੜਾ ਤਿਆਰ ਹੈ। ਮੌਤ ਰਾਣੀ ਨੂੰ ਕਰੋ ਤਿਆਰ। ਲਗਾਓ ਉਹਦੇ ਹਥਾਂ-ਪੈਰਾਂ ਨੂੰ ਮਹਿੰਦੀ। ਪਹਿਨਾਓ ਸੂ ਸੂਹੇ ਸਾਲੂ। ਆਖੋ ਉਹਦੇ ਫਰੰਗੀ ਮਾਮਿਆਂ ਨੂੰ ਪਾਉਣ ਸੁ ਦੰਦ ਖੰਡ ਦਾ ਚੂੜਾ। ਕਰੋ ਉਸ ਦੀ ਡੋਲੀ ਤਿਆਰ।’’

ਇਤਿਹਾਸਕ ਨਾਵਲ ਲਿਖਣ ਵਾਲੇ ਦਾ ਇਹ ਫਰਜ਼ ਹੈ ਕਿ ਉਹ ਇਸ ਤਰ੍ਹਾਂ ਦਾ ਨਾਵਲ ਲਿਖੇ ਕਿ ਸਾਡੇ ਅੰਦਰ ਹੋਰ ਇਤਿਹਾਸ ਜਾਨਣ ਦੀ ਭੁੱਖ ਪੈਦਾ ਹੋਵੇ। ਪੰਜਾਬੀ ਵਿਚ ਜਿਵੇਂ ਕਿ ਸਾਹਿਤ ਨਾਲ ਜੁੜੇ ਹੋਏ ਲੋਕ ਸਭ ਜਾਣਦੇ ਹਨ ਕਿ ਭਾਈ ਵੀਰ ਸਿੰਘ ਦੀ ਰਚਨਾ ‘ਸੁੰਦਰੀ’ ਤੇ ਸੋਹਣ ਸਿੰਘ ਸੀਤਲ ਦੀ ਰਚਨਾ ‘ਸਿੱਖ ਰਾਜ ਕਿਵੇਂ ਗਿਆ’ ਨੇ ਇਤਿਹਾਸ ਦੀ ਭੁੱਖ ਜਗਾਉਣ ਦੀ ਜੋ ਭੂਮਿਕਾ ਨਿਭਾਈ ਹੈ, ਉਸ ਦਾ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਦੋਵੇਂ ਰਚਨਾਵਾਂ ਨੇ ਜੋ ਆਮ ਪਾਠਕਾਂ ਦੀ ਗਿਣਤੀ ਵਿਚ ਵਾਧਾ ਕੀਤਾ ਹੈ, ਉਹ ਆਪਣੇ ਆਪ ਵਿੱਚ ਮਿਸਾਲ ਬਣ ਗਈ ਹੈ। ਇਕ ਇਤਿਹਾਸਕ ਨਾਵਲ ਵਿਚ ਆਮ ਸਮਾਜਕ ਨਾਵਲ ਦੀ ਤਰ੍ਹਾਂ ਪਾਤਰ, ਵਿਸ਼ਾ ਵਸਤੂ, ਪਲਾਟ, ਭਾਸ਼ਾ ਆਦਿ ਸਾਰੇ ਇਤਿਹਾਸ ਦੀ ਚਾਸ਼ਨੀ ਵਿਚ ਡਬੋ ਕੇ ਪੇਸ਼ ਕੀਤੇ ਜਾਣੇ ਚਾਹੀਦੇ ਹਨ।

ਇਹ ਸਾਰੇ ਗੁਣ ਸਾਨੂੰ ਗਿਆਨੀ ਕੇਸਰ ਸਿੰਘ ਦੇ ਇਤਿਹਾਸਕ ਨਾਵਲਾਂ ਵਿੱਚ ਸਪੱਸ਼ਟ ਤੌਰ ’ਤੇ ਦਿਖਾਈ ਦਿੰਦੇ ਹਨ। ਕੇਸਰ ਸਿੰਘ ਦੇ ਸਾਰੇ ਇਤਿਹਾਸਕ ਨਾਵਲਾਂ ਵਿਚ ਇਸ ਕਸੱਵਟੀ ’ਤੇ ਪੂਰਾ ਉਤਰਨ ਦੀ ਯੋਗਤਾ ਹੈ। ਇਨ੍ਹਾਂ ਵਿੱਚ ਗਲਪ ਦੇ ਸਾਰੇ ਗੁਣ ਵੀ ਮਿਲਦੇ ਹਨ ਤੇ ਇਹ ਇਤਿਹਾਸਕ ਦਸਤਾਵੇਜ਼ ਬਣਨ ਦੀ ਸਮਰਥਾ ਵੀ ਰੱਖਦੇ ਹਨ। ਕੇਸਰ ਸਿੰਘ ਦੇ ਸਾਰੇ ਨਾਵਲ ਪੜ੍ਹ ਕੇ ਗ਼ਦਰ ਲਹਿਰ ਬਾਰੇ ਕੋਈ ਹੋਰ ਸਬੂਤ ਪ੍ਰਾਪਤ ਕਰਨ ਦੀ ਲੋੜ ਨਹੀਂ ਰਹਿੰਦੀ। ਇਤਿਹਾਸਕ ਨਾਵਲ ਦਾ ਜਨਮ ਵੀ ਇਸ ਕਾਰਨ ਹੁੰਦਾ ਹੈ ਕਿ ਅਸੀ ਹਮੇਸ਼ਾ ਇਤਿਹਾਸ ਦੀ ਘਾਟ ਮਹਿਸੂਸ ਕਰਦੇ ਹਾਂ। ਇਹ ਘਾਟ ਹੀ ਲੇਖਕ ਨੂੰ ਇਸ ਦੀ ਪੂਰਤੀ ਕਰਨ ਲਈ ਉਕਸਾਉਂਦੀ ਹੈ।

ਗਿਆਨੀ ਕੇਸਰ ਸਿੰਘ ਨੇ ਆਪਣੇ ਗ਼ਦਰ ਲਹਿਰ ਨਾਲ ਜੁੜੇ ਸਾਰੇ ਨਾਵਲਾਂ ਵਿਚ ਰੌਚਕਤਾ ਪੈਦਾ ਕਰਨ ਲਈ ਕਈ ਪ੍ਰਸੰਗ ਅਜਿਹੇ ਸਿਰਜੇ ਹਨ ਕਿ ਪਾਠਕ ਪੜ੍ਹਨ ਲੱਗਿਆਂ ਭਾਵੁਕ ਹੋ ਜਾਂਦੇ ਹਨ ਤੇ ਸਾਰੀ ਉਮਰ ਉਸ ਨੂੰ ਯਾਦ ਆਉਂਦੀ ਰਹਿੰਦੀ ਹੈ। ਨਾਵਲ ‘ਹਰੀ ਸਿੰਘ ਉਸਮਾਨ’ ਵਿਚ ਜਦੋਂ ਹਰੀ ਸਿੰਘ ਨੂੰ ਆਪਣੇ ਪੁੱਤਰ ਦੀ ਸ਼ਹੀਦੀ ਦਾ ਪਤਾ ਲੱਗਦਾ ਹੈ ਤਾਂ ਪਿਤਾ ਇਸ ਨੂੰ ਇਵੇਂ ਪੇਸ਼ ਕਰਦਾ ਹੈ, ‘‘ਉਂਝ ਵਾਰੀ ਤਾਂ ਪਹਿਲਾਂ ਮੇਰੀ ਸੀ। ਕੋਲੋਂ ਦੀ ਲੰਘ ਗਈ ਕਾਬੂ ਨਹੀਂ ਆਈ।’’ ਇਸੇ ਤਰ੍ਹਾਂ ‘ਜੰਗੀ ਕੈਦੀ’ ਵਿੱਚ ਜਦੋਂ ਪਹਿਲੇ ਮਹਾ ਯੁੱਧ ਵਿੱਚ ਸੈਨਿਕ ਮਾਰੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਕਬਰ ਆਪ ਪੁੱਟਣ ਲਈ ਕਿਹਾ ਜਾਂਦਾ ਹੈ ਤਾਂ ਜੋ ਉਹ ਆਪ ਹੀ ਆਪਣੇ ਟੋਏ ਵਿਚ ਡਿੱਗ ਜਾਣ। ਇਕ ਕੈਦੀ ਆਪਣੀ ਪੱਗ ਮੋਢੇ ’ਤੇ ਰੱਖ ਲੈਂਦਾ ਹੈ। ਦੂਰ ਹਨੇਰੇ ਵਿੱਚ ਗੋਲੀ ਪੱਗ ’ਤੇ ਲੱਗਣ ਕਰ ਕੇ ਉਸ ਦਾ ਬਚਾਅ ਹੋ ਜਾਂਦਾ ਹੈ ਤੇ ਉਪਰ ਮਿੱਟੀ ਪਾ ਦਿੱਤੀ ਜਾਂਦੀ ਹੈ। ਜਦੋਂ ਫ਼ੌਜੀ ਚਲੇ ਜਾਂਦੇ ਹਨ ਤਾਂ ਜੰਗੀ ਕੈਦੀ ਆਪਣੇ ਉਪਰੋਂ ਮਿੱਟੀ ਲਾਹ ਦਿੰਦਾ ਹੈ ਤੇ ਸ਼ਹਿਰ ਵਿਚ ਰੌਣਕ ਵਾਲੀ ਥਾਂ ’ਤੇ ਚਲਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਨਾਵਲਾਂ ਵਿੱਚ ਰਸ ਭਰਦੀਆਂ ਹਨ। ਇਹ ਹੀ ਕਾਰਨ ਹੈ ਕਿ ਡਾਕਟਰ ਅਤਰ ਸਿੰਘ ਲਿੱਖਦੇ ਹਨ, ‘‘ਕੇਸਰ ਸਿੰਘ ਦੀ ਲੇਖਣੀ ਵਿੱਚ ਵਿਨੋਦ ਤੇ ਚਿੰਤਨ ਇਕ ਦੂਸਰੇ ਨਾਲ ਘੁਲੇ ਮਿਲੇ ਹੁੰਦੇ ਹਨ, ਜਿਸ ਕਰਕੇ ਨਾ ਤਾਂ ਰੌਚਕਤਾ ਵਿੱਚ ਫਿੱਕ ਪੈਦਾ ਹੁੰਦੀ ਹੈ ਤੇ ਨਾ ਹੀ ਉਸ ਦਾ ਮਾਨਵੀ ਅਰਥ ਪਤਲਾ ਪੈਂਦਾ ਹੈ।’’ ਗਿਆਨੀ ਲਾਲ ਸਿੰਘ ਦੀ ਰਾਏ ਵਿਚ, ‘‘ਕੇਸਰ ਸਿੰਘ ਲੰਡਨ ਵਿੱਚ ਅੱਠ ਸਾਲ ਰਿਹਾ ਹੈ। ਉਸ ਨੂੰ ਵਰਨਣ ਕਰਨ ਲਈ ਕਲਪਣਾ ਤੋ ਕੰਮ ਲੈਣ ਦੀ ਲੋੜ ਹੀਂ ਨਹੀਂ।’’ ਸੁਜਾਨ ਸਿੰਘ ਲਿੱਖਦੇ ਹਨ, ‘‘ਕੇਸਰ ਸਿੰਘ ਖਾਕੇ, ਤਰਤੀਬ ਤੇ ਵੇਰਵੇ ਦਾ ਕਾਰੀਗਰ ਹੈ। ਉਸ ਨੂੰ ਜਾਨ ਪਾਉਣ ਦਾ ਹੁਨਰ ਆਉਂਦਾ ਹੈ।’’ ਇਸ ਤਰ੍ਹਾਂ ਗਿਆਨੀ ਕੇਸਰ ਸਿੰਘ ਸਾਡੇ ਵਿਰਸੇ ਦੀ ਬਲਵਾਨ ਗ਼ਦਰ ਲਹਿਰ ਦਾ ਇਕ ਨਿਵੇਕਲਾ ਨਾਵਲਕਾਰ ਹੈ, ਜਿਸ ਨੇ ਸਾਡੇ ਇਸ ਵਿਰਸੇ ਦੀ ਸਹੀ ਸੰਭਾਲ ਕੀਤੀ ਹੈ।

Leave a Reply

Your email address will not be published. Required fields are marked *