ਸੌਦਾ ਸਾਧ ਦੇ 6 ਚੇਲਿਆਂ ਖ਼ਿਲਾਫ਼ ਕੇਸ ਦਰਜ

ਫ਼ਰੀਦਕੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਗਲੀਆਂ ਵਿੱਚ ਖਿਲਾਰਨ ਦੇ ਮਾਮਲੇ ਵਿੱਚ ਪੜਤਾਲ ਮੁਕੰਮਲ ਹੋਣ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਨੇ ਅੱਜ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਬਾਰਡਰ ਰੇਂਜ ਦੇ ਆਈਜੀ ਐੱਸਪੀਐੱਸ ਪਰਮਾਰ ਦੀ ਅਗਵਾਈ ਹੇਠ ਬਣੀ ਜਾਂਚ ਟੀਮ ਨੇ ਅੱਜ ਲਿਖਤੀ ਤੌਰ ’ਤੇ ਅਦਾਲਤ ਨੂੰ ਦੱਸਿਆ ਕਿ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਮੁਕੰਮਲ ਹੋ ਗਈ ਹੈ ਅਤੇ ਇਸ ਵਿੱਚ ਛੇ ਡੇਰਾ ਪ੍ਰੇਮੀ ਸ਼ਕਤੀ ਸਿੰਘ, ਸੁਖਜਿੰਦਰ ਸਿੰਘ, ਨਿਸ਼ਾਨ ਸਿੰਘ, ਬਲਜੀਤ ਸਿੰਘ, ਰਣਦੀਪ ਸਿੰਘ ਅਤੇ ਰਣਜੀਤ ਸਿੰਘ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ। ਜਦੋਂਕਿ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੁਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਜਾਂਚ ਟੀਮ ਗ੍ਰਿਫ਼ਤਾਰ ਨਹੀਂ ਕਰ ਸਕੀ। ਜਾਂਚ ਟੀਮ ਨੇ ਇਨ੍ਹਾਂ ਛੇ ਡੇਰਾ ਪ੍ਰੇਮੀਆਂ ਖ਼ਿਲਾਫ਼ ਇਲਾਕਾ ਮੈਜਿਸਟਰੇਟ ਮਿਸ ਤਰਜ਼ਨੀ ਦੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ। ਇਸ ਮਾਮਲੇ ਵਿੱਚ ਪੁਲੀਸ ਨੇ 12 ਅਕਤੂਬਰ 2015 ਨੂੰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 295, 295-ਏ, 154 ਅਤੇ 120-ਬੀ ਤਹਿਤ ਮੁਕੱਦਮਾ ਦਰਜ ਕੀਤਾ ਸੀ। ਦੱਸਣਯੋਗ ਹੈ ਕਿ 12 ਅਕਤੂਬਰ 2015 ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ 115 ਪੱਤਰੇ ਖਿੱਲਰੇ ਹੋਏ ਮਿਲੇ ਸਨ। ਇਹ ਪੱਤਰੇ ਉਸੇ ਗੁਰੂ ਗ੍ਰੰਥ ਸਾਹਿਬ ਦੇ ਸਨ, ਜਿਸ ਨੂੰ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਵਿੱਚੋਂ ਪਹਿਲੀ ਜੂਨ 2015 ਨੂੰ ਚੋਰੀ ਕੀਤਾ ਗਿਆ ਸੀ। ਜਾਂਚ ਟੀਮ ਨੇ ਡੇਰੇ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੁਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਥਾਨਕ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਨੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ 13 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ। ਅੱਜ ਸੁਣਵਾਈ ਦੌਰਾਨ ਕੋਈ ਮੁਲਜ਼ਮ ਅਦਾਲਤ ਵਿੱਚ ਹਾਜ਼ਰ ਨਹੀਂ ਸੀ। ਕਰੋਨਾ ਵਾਇਰਸ ਕਾਰਨ ਅਦਾਲਤਾਂ ਦਾ ਕੰਮ ਬੰਦ ਪਿਆ ਹੈ ਜਿਸ ਕਰਕੇ ਇਸ ਮਾਮਲੇ ਵਿੱਚ ਅੱਜ ਕੋਈ ਸੁਣਵਾਈ ਨਹੀਂ ਹੋ ਸਕੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਇਲਾਕੇ ਵਿੱਚ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਪ੍ਰੇਮੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਹਰਸਿਮਰਨ ਸਿੰਘ ਗਿੱਲ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਵਿਸ਼ੇਸ਼ ਜਾਂਚ ਟੀਮ 15 ਜੁਲਾਈ ਤੱਕ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਚਲਾਨ ਅਦਾਲਤ ਸਾਹਮਣੇ ਪੇਸ਼ ਨਹੀਂ ਕਰ ਸਕੇਗੀ। ਡੇਰਾ ਪ੍ਰੇਮੀਆਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਵਿਸ਼ੇਸ਼ ਜਾਂਚ ਟੀਮ ਪੋਸਟਰ ਦੀ ਲਿਖਾਈ ਦਾ ਦੁਬਾਰਾ ਮਿਲਾਣ ਨਹੀਂ ਕਰ ਸਕਦੀ ਕਿਉਂਕਿ ਇਸ ਪੋਸਟਰ ਦੀ ਲਿਖਾਈ ਦਾ ਪਹਿਲਾਂ ਹੀ ਮਿਲਾਣ ਸੀਬੀਆਈ ਕਰਵਾ ਚੁੱਕੀ ਹੈ ਜਿਸ ਵਿੱਚ ਡੇਰਾ ਪ੍ਰੇਮੀਆਂ ਦੀ ਲਿਖਤ ਸਾਬਤ ਨਹੀਂ ਹੋਈ।

ਨਾਰਕੋ ਟੈਸਟ ਲਈ ਉਮਰਾਨੰਗਲ ਵੱਲੋਂ ਲਿਖਤੀ ਸਹਿਮਤੀ

ਫ਼ਰੀਦਕੋਟ: ਕੋਟਕਪੂਰਾ ਗੋਲੀ ਕਾਂਡ ਵਿੱਚ ਅੱਜ ਪੰਜਾਬ ਦੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਆਪਣਾ ਨਾਰਕੋ ਟੈਸਟ ਕਰਵਾਉਣ ਦੀ ਲਿਖਤੀ ਸਹਿਮਤੀ ਦੇ ਦਿੱਤੀ ਹੈ। ਅਦਾਲਤ ਵਿੱਚ ਹਾਜ਼ਰ ਹੋ ਕੇ ਉਮਰਾਨੰਗਲ ਨੇ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਦੀ ਸਚਾਈ ਸਾਹਮਣੇ ਲਿਆਉਣ ਲਈ ਉਹ ਨਾਰਕੋ ਟੈਸਟ ਸਮੇਤ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ। ਪਹਿਲੀ ਵਾਰ ਮੀਡੀਆ ਸਾਹਮਣੇ ਆਏ ਉਮਰਾਨੰਗਲ ਨੇ ਕਿਹਾ ਕਿ ਉਹ ਸਚਾਈ ਸਾਹਮਣੇ ਲਿਆਉਣ ਲਈ ਪੰਜ ਵਾਰ ਨਾਰਕੋ ਟੈਸਟ ਕਰਵਾਉਣ ਲਈ ਤਿਆਰ ਹੈ। ਉਨ੍ਹਾਂ ਮੰਗ ਕੀਤੀ ਕਿ ਸਾਬਕਾ ਜਾਂਚ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਵੀ ਨਾਰਕੋ ਟੈਸਟ ਕਰਵਾਇਆ ਜਾਵੇ ਤਾਂ ਜੋ ਸਾਰਾ ਮਾਮਲਾ ਸਾਫ਼ ਹੋ ਸਕੇ। ਉਮਰਾਨੰਗਲ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਦੇ ਡੀਜੀਪੀ ਸੁਮੇਧ ਸੈਣੀ ਦੇ ਕਹਿਣ ’ਤੇ ਹੀ ਕੋਟਕਪੂਰਾ ਆਏ ਸਨ ਅਤੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮ ਤੋਂ ਬਾਅਦ ਹੀ ਪੁਲੀਸ ਨੇ ਫਾਇਰਿੰਗ ਕੀਤੀ ਸੀ। ਉਮਰਾਨੰਗਲ ਨੇ ਦੋਸ਼ ਲਾਇਆ ਕਿ ਉਸ ਨੂੰ ਬਹਿਬਲ ਗੋਲੀ ਕਾਂਡ ਵਿੱਚ ਰੰਜ਼ਿਸ਼ ਤਹਿਤ ਫਸਾਇਆ ਗਿਆ ਹੈ ਜਦੋਂਕਿ ਉਹ ਘਟਨਾ ਵਾਲੇ ਦਿਨ ਬਹਿਬਲ ਗਿਆ ਹੀ ਨਹੀਂ ਹੈ। ਦੂਜੇ ਪਾਸੇ ਸਾਬਕਾ ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸ਼ਰਮਾ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਉਸ ਦੇ ਦਿਲ ਬਿਮਾਰੀ ਕਾਰਨ ਸਟੈਂਟ ਪਾਏ ਗਏ ਹਨ ਜਿਸ ਕਰਕੇ ਉਹ ਨਾਰਕੋ ਟੈਸਟ ਲਈ ਸਹਿਮਤੀ ਨਹੀਂ ਦੇ ਸਕਦਾ। ਉਸਨੇ ਕਿਹਾ ਕਿ ਨਾਰਕੋ ਟੈਸਟ ਕਰਵਾਉਣ ਨਾਲ ਉਸ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ। ਸੁਮੇਧ ਸੈਣੀ ਨੇ ਵੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਨਾਰਕੋ ਟੈਸਟ ਤੋਂ ਇਨਕਾਰ ਕਰ ਦਿੱਤਾ ਹੈ। ਇਲਾਕਾ ਮੈਜਿਸਟਰੇਟ ਅਜੇਪਾਲ ਸਿੰਘ ਦੀ ਅਦਾਲਤ ਨੇ ਸੁਮੇਧ ਸੈਣੀ ਅਤੇ ਚਰਨਜੀਤ ਸ਼ਰਮਾ ਨੇ ਨਾਰਕੋ ਟੈਸਟ ਲਈ ਸਹਿਮਤੀ ਨਹੀਂ ਦਿੱਤੀ, ਇਸ ਲਈ ਉਨ੍ਹਾਂ ਦਾ ਟੈਸਟ ਨਹੀਂ ਕਰਵਾਇਆ ਜਾ ਸਕਦਾ।

Leave a Reply

Your email address will not be published. Required fields are marked *