ਕਾਂਗਰਸੀ ਵਿਧਾਇਕ ਦੀ ਚਾਚੀ ਦੀ ਰਿਹਾਇਸ਼ ’ਤੇ ਚੱਲੇ ਇੱਟਾਂ-ਰੋੜੇ ਤੇ ਮਾਰੇ ਲਲਕਾਰੇ, 3 ਜ਼ਖ਼ਮੀ

ਲੰਬੀ: ਪਿੰਡ ਭੀਟੀਵਾਲਾ ਵਿਖੇ ਬੱਲੂਆਣਾ ਤੋਂ ਕਾਂਗਰਸੀ ਵਿਧਾਇਕ ਨੱਥੂ ਰਾਮ ਦੀ ਸਾਬਕਾ ਸਰਪੰਚ ਚਾਚੀ ਦੀ ਰਿਹਾਇਸ਼ ’ਤੇ ਕਈ ਦਰਜਨ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲਾਵਰ ਕਰੀਬ ਘੰਟਾ ਭਰ ਇੱਟਾਂ-ਵੱਟੇ ਮਰਦੇ ਰਹੇ ਅਤੇ ਘਰ ਦਾ ਗੇਟ ਭੰਨ ਦਿੱਤਾ। ਇਸ ਤੋ ਇਲਾਵਾ ਅੰਦਰ ਦਾਖਲ ਹੋ ਕੇ ਤਿੰਨ ਜਣੇ ਜ਼ਖ਼ਮੀ ਕਰ ਦਿੱਤੇ। ਦੋਸ਼ ਹੈ ਕਿ ਹਮਲਾਵਰਾਂ ਨੇ ਕਈ ਹਵਾਈ ਫਾਇਰ ਵੀ ਕੀਤੇ। ਮਾਮਲਾ ਪੁਰਾਣੀ ਰੰਜਿਸ਼ ਅਤੇ ਖਹਿਬਾਜ਼ੀ ਨਾਲ ਜੁੜਿਆ ਹੈ। ਸਾਬਕਾ ਸਰਪੰਚ ਦੇ ਪੁੱਤਰ ਸੁਖਦੇਵ ਰਾਮ ਨੇ ਕਿਹਾ ਕਿ ਬੀਤੀ ਰਾਤ ਸਾਢੇ ਅੱਠ ਵਜੇ ਸੌ-ਡੇਢ ਸੌ ਹਮਲਾਵਰ ਡਾਂਗਾਂ, ਤਲਵਾਰਾਂ ਨਾਲ ਘਰ ਮੂਹਰੇ ਪੁੱਜੇ ਅਤੇ ਇੱਟਾਂ-ਵੱਟੇ ਮਾਰਨ ਲੱਗੇ। ਉਨ੍ਹਾਂ ਕਮਰਿਆਂ ’ਚ ਲੁਕ ਕੇ ਜਾਨ ਬਚਾਈ। ਪਥਰਾਅ ’ਚ ਘਰ ਦੇ ਸ਼ੀਸ਼ੇ ਅਤੇ ਹੋਰ ਸਾਮਾਨ ਵੀ ਨੁਕਸਾਨਿਆ ਗਿਆ। ਹਮਲਵਰਾਂ ਨੇ ਮੂਹਰਲੇ ਗੇਟ ਦੀਆਂ ਚਾਦਰਾਂ ਭੰਨ ਕੇ ਕੁੰਡਾ ਖੋਲ੍ਹ ਲਿਆ ਅਤੇ ਅੰਦਰ ਦਾਖ਼ਲ ਹੋ ਕੇ ਕਾਂਗਰਸੀ ਵਿਧਾਇਕ ਦੇ ਚਚੇਰੇ ਭਰਾਵਾਂ ਧਰਮਪਾਲ, ਕਾਲੂ ਰਾਮ ਅਤੇ ਭਾਗੀਰਥ ਨੂੰ ਜ਼ਖ਼ਮੀ ਕਰ ਦਿੱਤਾ। ਧਰਮਪਾਲ ਦੇ ਸਿਰ ’ਤੇ ਤਲਵਾਰ ਵੱਜੀ ਦੱਸੀ ਜਾਂਦੀ ਹੈ। ਘਟਨਾ ਮੌਕੇ ਰੌਲਾ ਪੈਣ ’ਤੇ ਪਿੰਡ ਇਕੱਠਾ ਹੋਣ ਲੱਗਿਆ ਤਾਂ ਹਮਲਾਵਰ ਫ਼ਰਾਰ ਹੋ ਗਏ। ਬਾਅਦ ’ਚ ਘਰਾਂ ਨੂੰ ਪਰਤਦੇ ਪੰਜ ਹਮਲਾਵਰ ਨੌਜਵਾਨ ਕੰਦੂਖੇੜਾ ਵਿਖੇ ਚੋਰੀਆਂ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਵੱਲੋਂ ਕੀਤੀ ਘੇਰਾਬੰਦੀ ’ਚ ਕਾਬੂ ਕਰ ਲਏ ਅਤੇ ਲੰਬੀ ਪੁਲੀਸ ਨੂੰ ਸੌਂਪ ਦਿੱਤੇ। ਥਾਣਾ ਲੰਬੀ ਦੇ ਮੁਖੀ ਚੰਦਰ ਸ਼ੇਖਰ ਨੇ ਕਿਹਾ ਕਿ ਇਸ ਮਾਮਲੇ ’ਚ ਪੰਜ ਜਣਿਆਂ ਨੂੰ ਫੜ ਕੇ 7/51 ਦੀ ਕਾਰਵਾਈ ਕੀਤੀ ਗਈ ਹੈ। ਹਲਕਾ ਬੱਲੂਆਣਾ ਤੋਂ ਕਾਂਗਰਸੀ ਵਿਧਾਇਕ ਨੱਥੂ ਰਾਮ ਨੇ ਕਾਨੂੰਨ ਵਿਵਸਥਾ ਅਤੇ ਪ੍ਰਸ਼ਾਸਨਿਕ ਕੰਮਕਾਜ ’ਤੇ ਵੱਡੇ ਸੁਆਲ ਖੜੇ ਕੀਤੇ ਹਨ। ਵਿਧਾਇਕ ਨੇ ਕਿਹਾ ਕਿ ਅਫਸਰਸ਼ਾਹੀ ਦੇ ਬੂਹੇ ’ਤੇ ਵਿਧਾਇਕਾਂ ਦੀ ਜਾਇਜ਼ ਸੁਣਵਾਈ ਨਹੀਂ ਹੋ ਰਹੀ।

Leave a Reply

Your email address will not be published. Required fields are marked *