ਕਾਂਗਰਸੀ ਕਲੇਸ਼: ਨਵੇਂ ਪ੍ਰਧਾਨ ਬਾਰੇ ਫ਼ੈਸਲਾ ਛੇਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਨਵੀਂ ਪ੍ਰਧਾਨਗੀ ਦੇ ਫ਼ੈਸਲੇ ਦੀ ਘੜੀ ਆ ਗਈ ਹੈ। ਇਸ ਤੋਂ ਪੰਜਾਬ ਦੀ ਸਿਆਸਤ ’ਚ ਹਲਚਲ ਤੇਜ਼ ਹੋ ਗਈ ਹੈ। ਕਾਂਗਰਸ ਹਾਈਕਮਾਨ ਵੱਲੋਂ ਹੁਣ ਪੰਜਾਬ ਕਾਂਗਰਸ ਦੇ ਪੁਨਰਗਠਨ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ। ਅਗਲੀਆਂ ਚੋਣਾਂ ਦੇ ਮੱਦੇਨਜ਼ਰ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਦਾ ਮਾਮਲਾ ਹਰ ਕੋਣ ਤੋਂ ਦੇਖਿਆ ਜਾ ਰਿਹਾ ਹੈ। ਇਸੇ ਲਈ ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਨਾਲ ਮਿਲਣੀ ਮਗਰੋਂ ਕਾਂਗਰਸ ਹਾਈਕਮਾਨ ‘ਪੰਜਾਬ ਫਾਰਮੂਲਾ’ ਰਿੜਕਣ ਲੱਗੀ ਹੋਈ ਹੈ।

ਕਾਂਗਰਸ ਹਾਈਕਮਾਨ ਕੌਮੀ ਪੱਧਰ ’ਤੇ ਆਪਣੀ ਪੇਤਲੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੇ ਮਾਮਲੇ ’ਚ ਕਾਹਲੀ ’ਚ ਕੋਈ ਸਿਆਸੀ ਘਾਟੇ ਦਾ ਫ਼ੈਸਲਾ ਨਹੀਂ ਕਰਨਾ ਚਾਹੁੰਦੀ ਹੈ। ਇੱਧਰ, ਵਿਰੋਧੀ ਧਿਰਾਂ ਵੀ ਹਾਈਕਮਾਨ ਦੀ ਹਰਕਤ ਨੂੰ ਨੇੜਿਓਂ ਦੇਖ ਰਹੀਆਂ ਹਨ। ਕਾਂਗਰਸ ਹਾਈਕਮਾਨ ਤਰਫੋਂ ਅਗਲੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਮਾਮਲਿਆਂ ਲਈ ਨਵਾਂ ਇੰਚਾਰਜ ਵੀ ਲਾਇਆ ਜਾਣਾ ਹੈ ਕਿਉਂਕਿ ਉਤਰਾਖੰਡ ਦੀ ਚੋਣ ਵੀ ਪੰਜਾਬ ਦੇ ਨਾਲ ਹੀ ਹੈ ਜਿਸ ਕਰ ਕੇ ਹਰੀਸ਼ ਰਾਵਤ ਨੂੰ ਇਸ ਅਹੁਦੇ ਤੋਂ ਮੁਕਤ ਕੀਤੇ ਜਾਣ ਬਾਰੇ ਚਰਚਾ ਹੈ। ਇਸੇ ਤਰ੍ਹਾਂ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਹਾਈਕਮਾਨ ਤਰਫੋਂ ਕੇਂਦਰੀ ਜਥੇਬੰਦਕ ਢਾਂਚੇ ਵਿਚ ਕੋਈ ਅਹੁਦਾ ਦਿੱਤੇ ਜਾਣ ਦੀ ਕਨਸੋਅ ਹੈ। ਹਾਈਕਮਾਨ ਭਲੀਭਾਂਤ ਜਾਣੂ ਹੈ ਕਿ ਪੰਜਾਬ ਕਾਂਗਰਸ ਦਾ ਇਕੱਲਾ ਚਿਹਰਾ ਬਦਲਣ ਨਾਲ ਗੱਲ ਨਹੀਂ ਬਣਨੀ ਬਲਕਿ ਉਨ੍ਹਾਂ ਮੁੱਦਿਆਂ ’ਤੇ ਕਾਰਗੁਜ਼ਾਰੀ ਦਿਖਾਉਣੀ ਹੋਵੇਗੀ ਜਿਹੜੇ ਮੁੱਦੇ ਮੁੱਖ ਮੰਤਰੀ ਖ਼ਿਲਾਫ਼ ਬਾਗ਼ੀ ਸੁਰ ਰੱਖਣ ਵਾਲੇ ਵਜ਼ੀਰਾਂ ਅਤੇ ਵਿਧਾਇਕਾਂ ਨੇ ਉਠਾਏ ਹਨ। ਫ਼ੈਸਲੇ ਦੀ ਘੜੀ ਕਰ ਕੇ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੇ ਦਿਲ ਦੀਆਂ ਧੜਕਣਾਂ ਦਾ ਵਧਣਾ ਸੁਭਾਵਿਕ ਹੈ। ਹਾਈਕਮਾਨ ਜੇ ਨਵਜੋਤ ਸਿੱਧੂ ਦੀ ਝੋਲੀ ਕਾਂਗਰਸ ਦੀ ਪ੍ਰਧਾਨਗੀ ਪਾਉਂਦੀ ਹੈ ਤਾਂ ਸ੍ਰੀ ਸਿੱਧੂ ਲਈ ਇਹ ਪਰਖ ਦੀ ਘੜੀ ਹੋਵੇਗੀ। ਸਿਆਸੀ ਹਲਕੇ ਆਖਦੇ ਹਨ ਕਿ ਨਵਜੋਤ ਸਿੱਧੂ ਜਿਨ੍ਹਾਂ ਮੁੱਦਿਆਂ ’ਤੇ ਪਿਛਲੇ ਸਮੇਂ ਤੋਂ ਬੋਲਦੇ ਆ ਰਹੇ ਹਨ, ਉਨ੍ਹਾਂ ਬਾਰੇ ਪੰਜਾਬ ਫਿਰ ਨਵਜੋਤ ਸਿੱਧੂ ਦੀ ਵੀ ਜੁਆਬਦੇਹੀ ਤੈਅ ਕਰੇਗਾ। ਮੁੱਖ ਮੰਤਰੀ ਤਰਫੋਂ ਉਨ੍ਹਾਂ ਨੂੰ ਕਿੰਨਾ ਕੁ ਸਹਿਯੋਗ ਮਿਲੇਗਾ, ਇਸ ’ਤੇ ਵੀ ਨਜ਼ਰ ਰਹੇਗੀ। ਜੇ ਨਵਜੋਤ ਸਿੱਧੂ ਨੂੰ ਹਾਈਕਮਾਨ ਨੇ ਕਮਾਨ ਦਿੱਤੀ ਤਾਂ ਪੰਜਾਬ ਦੀ ਸਿਆਸਤ ਵਿਚ ਟਕਰਾਅ ਵਧਣਾ ਵੀ ਸੁਭਾਵਿਕ ਹੈ ਕਿਉਂਕਿ ਨਵਜੋਤ ਸਿੱਧੂ ਵਲੋਂ ਬਾਦਲ ਪਰਿਵਾਰ ’ਤੇ ਸਿੱਧੇ ਹਮਲੇ ਕੀਤੇ ਜਾਂਦੇ ਰਹੇ ਹਨ। ਵਿਰੋਧੀ ਖੇਮੇ ਆਖ ਰਹੇ ਹਨ ਕਿ ਨਵਜੋਤ ਸਿੱਧੂ ਜ਼ਮੀਨੀ ਪੱਧਰ ’ਤੇ ਵਿਚਰ ਨਹੀਂ ਸਕੇਗਾ, ਇਸ ਤਰ੍ਹਾਂ ਦਾ ਸੁਭਾਅ ਨਵਜੋਤ ਸਿੱਧੂ ਦਾ ਨਹੀਂ ਹੈ। ਹਾਈਕਮਾਨ ਦਾ ਫ਼ੈਸਲਾ ਕੁਝ ਵੀ ਹੋਵੇ, ਪੰਜਾਬ ਦੀ ਸਿਆਸਤ ’ਚ ਨਵੇਂ ਟੇਵੇ ਲੱਗਣੇ ਸ਼ੁਰੂ ਹੋ ਗਏ ਹਨ।

Leave a Reply

Your email address will not be published. Required fields are marked *