ਵਿਵਾਦਿਤ ਖੇਤਰ ਵਿੱਚ ਚੀਨੀ ਘੁਸਪੈਠ ਸਬੰਧੀ ਰਿਪੋਰਟ ਬੇਬੁਨਿਆਦ: ਥਲ ਸੈਨਾ

ਨਵੀਂ ਦਿੱਲੀ: ਭਾਰਤੀ ਥਲ ਸੈਨਾ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਨਾਲ ਲਗਦੇ ਵਿਵਾਦਿਤ ਖੇਤਰ ਵਿੱਚ ਚੀਨ ਵੱਲੋਂ ਮੁੜ ਘੁਸਪੈਠ ਕੀਤੇ ਨਾਲ ਸਬੰਧਤ ਮੀਡੀਆ ਰਿਪੋਰਟ ਨੂੰ ‘ਝੂਠੀ ਤੇ ਬੇਬੁਨਿਆਦ’ ਕਰਾਰ ਦਿੱਤਾ ਹੈ। ਥਲ ਸੈਨਾ ਨੇ ਕਿਹਾ ਕਿ ਉਸ ਨੇ ਚੀਨ ਨਾਲ ਲਗਦੀ ਸਰਹੱਦ ’ਤੇ ਪੀਪਲਜ਼ ਲਿਬਰੇਸ਼ਨ ਆਰਮੀ ਦੀਆਂ ਸਰਗਰਮੀਆਂ ਤੇ ਫੌਜਾਂ ਦੀ ਵਾਪਸੀ ’ਤੇ ਨੇੜਿਓਂ ਨਜ਼ਰ ਰੱਖੀ ਹੋਈ ਹੈ। ਭਾਰਤੀ ਫੌਜ ਨੇ ਸਾਫ਼ ਕਰ ਦਿੱਤਾ ਕਿ ਪੂਰਬੀ ਲੱਦਾਖ ’ਚ ਭਾਰਤ ਤੇ ਚੀਨ ਦੀਆਂ ਫੌਜਾਂ ਨੇ ਵਿਵਾਦਿਤ ਖੇਤਰਾਂ ’ਚੋਂ ਪਿੱਛੇ ਨੂੰ ਚਾਲੇ ਪਾਉਣ ਸ਼ੁਰੂ ਕਰ ਦਿੱਤੇ ਸਨ ਤੇ ਉਸ ਮਗਰੋਂ ਦੋਵਾਂ ਧਿਰਾਂ ’ਚੋਂ ਕਿਸੇ ਨੇ ਵੀ ਮੁੜ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।ਥਲ ਸੈਨਾ ਦੀ ਇਹ ਟਿੱਪਣੀਆਂ ਉਸ ਬਿਆਨ ਦਾ ਹਿੱਸਾ ਹਨ, ਜਿਸ ਵਿੱਚ ਮੀਡੀਆ ਰਿਪੋਰਟ ਦੇ ਉਸ ਦਾਅਵੇ ਨੂੰ ਖਾਰਜ ਕੀਤਾ ਗਿਆ ਹੈ ਕਿ ਚੀਨੀ ਫੌਜ ਨੇ ਮੁੜ ਅਸਲ ਕੰਟਰੋਲ ਰੇਖਾ ਨੂੰ ਉਲੰਘਦਿਆਂ ਪੂਰਬੀ ਲੱਦਾਖ ਦੇ ਕਈ ਹਿੱਸਿਆਂ ’ਤੇ ਕਬਜ਼ਾ ਕਰ ਲਿਆ ਹੈ ਤੇ ਇਸ ਦੌਰਾਨ ਦੋਵਾਂ ਧਿਰਾਂ ’ਚ ਟਕਰਾਅ ਦੀ ਇਕ ਘਟਨਾ ਵੀ ਵਾਪਰੀ ਸੀ। ਥਲ ਸੈਨਾ ਨੇ ਕਿਹਾ, ‘‘ਫਰਵਰੀ ਮਹੀਨੇ ਜਦੋਂ ਤੋੋਂ ਫੌਜਾਂ ਨੂੰ ਪਿੱਛੇ ਹਟਾਉਣ ਦਾ ਕਰਾਰ ਹੋਇਆ ਹੈ, ਦੋਵਾਂ ਧਿਰਾਂ ’ਚੋਂ ਕਿਸੇ ਨੇ ਵੀ ਵਿਵਾਦਿਤ ਖੇਤਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਿਵੇਂ ਕਿ ਮਜ਼ਮੂਨ ਵਿੱਚ ਦਾਅਵਾ ਕੀਤਾ ਗਿਆ ਹੈ, ਗਲਵਾਨ ਜਾਂ ਫਿਰ ਕਿਸੇ ਹੋਰ ਖੇਤਰ ਵਿੱਚ ਅਜਿਹਾ ਕੋਈ ਟਕਰਾਅ ਨਹੀਂ ਹੋਇਆ।’’ ਥਲ ਸੈਨਾ ਨੇ ਮੀਡੀਆ ਰਿਪੋਰਟ ਵਿੱਚ ਭਾਰਤ ਤੇ ਚੀਨ ਵਿਚਾਲੇ ਹੋਇਆ ਕਰਾਰ ਟੁੱਟਣ ਸਬੰਧੀ ਦਾਅਵਿਆਂ ਨੂੰ ‘ਝੂਠੇ ਤੇ ਬੇਬੁਨਿਆਦ’ ਦੱਸਿਆ ਹੈ। ਥਲ ਸੈਨਾ ਨੇ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਆਪੋ ਆਪਣੇ ਸਬੰਧਤ ਖੇਤਰਾਂ ਵਿੱਚ ਨਿਯਮਤ ਗਸ਼ਤ ਕੀਤੀ ਜਾ ਰਹੀ ਹੈ ਤੇ ਬਕਾਇਆ ਮੁੱਦਿਆਂ ਨੂੰ ਗੱਲਬਾਤ ਜ਼ਰੀਏ ਸੁਲਝਾਉਣ ਦਾ ਅਮਲ ਜਾਰੀ ਹੈ।