ਕਰੋਨਾ ਦੀ ਡੈਲਟਾ ਕਿਸਮ ਫੈਲਣ ਨਾਲ ਸਿਹਤ ਸੇਵਾਵਾਂ ’ਤੇ ਪਵੇਗਾ ਦਬਾਅ: ਡਬਲਿਊਐੱਚਓ

ਸੰਯੁਕਤ ਰਾਸ਼ਟਰ: ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਦੀ ਡੈਲਟਾ ਕਿਸਮ ਨਾਲ ਜੋੜ ਕੇ ਦੇਖੀ ਜਾ ਰਹੀ ਲਾਗ ਦੇ ਮਾਮਲੇ ਕਾਫੀ ਹੱਦ ਤੱਕ ਵਧਣ ਅਤੇ ਸਿਹਤ ਸੰਭਾਲ ਪ੍ਰਣਾਲੀ ’ਤੇ ਦਬਾਅ ਪੈਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਦਾ ਘੇਰਾ ਵਧੇਰੇ ਨਾ ਹੋਣ ਕਾਰਨ ਲਾਗ ਦੇ ਜ਼ਿਆਦਾ ਕੇਸ ਸਾਹਮਣੇ ਆ ਸਕਦੇ ਹਨ। ਡਬਲਿਊਐੱਚਓ ਨੇ ਮੰਗਲਵਾਰ ਨੂੰ ਜਾਰੀ ਆਪਣੇ ਕੋਵਿਡ-19 ਹਫ਼ਤਾਵਾਰੀ ਅਪਡੇਟ ਦੇ ਸਬੰਧ ’ਚ ਕਿਹਾ ਕਿ ਡੈਲਟਾ ਕਿਸਮ ਕਾਰਨ ਕਰੋਨਾ ਦੇ ਕੇਸ ਵਧਣ ਦੀ ਤਕਰੀਬਨ ਸਾਰੇ ਖ਼ਿੱਤਿਆਂ ’ਚੋਂ ਰਿਪੋਰਟ ਆਈ ਹੈ। ਮੰਗਲਵਾਰ ਤੱਕ 111 ਮੁਲਕਾਂ, ਖ਼ਿੱਤਿਆਂ ਅਤੇ ਇਲਾਕਿਆਂ ਨੇ ਡੈਲਟਾ ਕਿਸਮ ਮਿਲਣ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਦੇ ਹੋਰ ਵਧਣ ਦਾ ਖ਼ਦਸ਼ਾ ਹੈ। ਦੁਨੀਆ ਭਰ ’ਚ ਅਲਫ਼ਾ ਕਿਸਮ ਦੇ 178 ਮੁਲਕਾਂ, ਖ਼ਿੱਤਿਆਂ ਜਾਂ ਇਲਾਕਿਆਂ ’ਚ ਪੁਸ਼ਟੀ ਹੋਈ ਹੈ ਜਦਕਿ ਬੀਟਾ ਕਿਸਮ 123 ਮੁਲਕਾਂ ਅਤੇ ਗਾਮਾ ਕਿਸਮ 75 ਮੁਲਕਾਂ ’ਚ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਹੈ ਕਿ ਲੋਕਾਂ ਦਾ ਆਪਸ ’ਚ ਮਿਲਵਰਤਣ ਵਧਣ, ਕਰੋਨਾ ਨੇਮਾਂ ਦੀ ਉਲੰਘਣਾ ਅਤੇ ਕਈ ਮੁਲਕਾਂ ’ਚ ਟੀਕਾਕਰਨ ਦੀ ਦਰ ਘੱਟ ਹੋਣ ਕਰਕੇ ਕਰੋਨਾ ਦੇ ਵਧੇਰੇ ਕੇਸ ਆ ਰਹੇ ਹਨ। ਪਿਛਲੇ ਇਕ ਹਫ਼ਤੇ ਦੌਰਾਨ ਦੱਖਣ-ਪੂਰਬੀ ਏਸ਼ਿਆਈ ਖ਼ਿੱਤੇ ’ਚ ਭਾਰਤ ’ਚ ਸਭ ਤੋਂ ਵੱਧ 6,035 ਮੌਤਾਂ ਹੋਈਆਂ ਹਨ। ਉਂਜ ਕਰੋਨਾ ਪੀੜਤਾਂ ਦੇ ਮਾਮਲੇ ’ਚ ਬ੍ਰਾਜ਼ੀਲ ’ਚ ਸਭ ਤੋਂ ਵੱਧ 333,030 ਨਵੇਂ ਕੇਸ ਆਏ ਜਦਕਿ ਭਾਰਤ 291,789 ਨਵੇਂ ਕੇਸਾਂ ਨਾਲ ਦੂਜੇ ਨੰਬਰ ’ਤੇ ਰਿਹਾ।

Leave a Reply

Your email address will not be published. Required fields are marked *