ਸੀਨੀਅਰ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਸਿੱਧੂ ਨੂੰ ਪ੍ਰਧਾਨ ਲਾਇਆ ਤਾਂ ਪਾਰਟੀ ’ਚ ਫੁੱਟ ਪੈਣ ਦੀ ਸੰਭਾਵਨਾ: ਕੈਪਟਨ

ਨਵੀਂ ਦਿੱਲੀ: ਪੰਜਾਬ ਕਾਂਗਰਸ ਵਿੱਚ ਜਾਰੀ ਕਾਟੋ ਕਲੇਸ਼ ਤੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਲਾਏ ਜਾਣ ਦੀ ਚਰਚਾ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਸਿੱਧੂ ਦੀ ਸੰਭਾਵੀ ਨਿਯੁਕਤੀ ਬਾਰੇ ਆਪਣਾ ਉਜਰ ਦਰਜ ਕਰਵਾਇਆ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਪੱਤਰ ਵਿੱਚ ਇਸ ਗੱਲ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਹੈ ਕਿ ਜੇਕਰ ਨਵੇਂ ਸੂਬਾ ਪ੍ਰਧਾਨ ਦੀ ਨਿਯੁਕਤੀ ਮੌਕੇ ਪਾਰਟੀ ਦੇ ਸੀਨੀਅਰ ਤੇ ਪੁਰਾਣੇ ਆਗੂਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਨਾ ਸਿਰਫ ਪਾਰਟੀ ਵਿੱਚ ਫੁੱਟ ਪਏਗੀ ਬਲਕਿ ਅਗਾਮੀ ਅਸੈਂਬਲੀ ਚੋਣਾਂ ਵਿੱਚ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਵੀ ਝਟਕਾ ਲੱਗੇਗਾ।