ਦੇਸ਼ਧ੍ਰੋਹ ਦੇ ਦੋਸ਼ ਹੇਠ ਫੜੇ ਕਿਸਾਨਾਂ ਦੀ ਰਿਹਾਈ ਲਈ ਸਿਰਸਾ ਵੱਲੋਂ ਮਰਨ ਵਰਤ ਸ਼ੁਰੂ

ਸਿਰਸਾ: ਦੇਸ਼ਧ੍ਰੋਹ ਦੇ ਇਲਜ਼ਾਮ ’ਚ ਜੇਲ੍ਹ ਭੇਜੇ ਕਿਸਾਨਾਂ ਨੂੰ ਰਿਹਾਅ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਬਲਦੇਵ ਸਿੰਘ ਸਿਰਸਾ ਵੱਲੋਂ ਮਿੰਨੀ ਸਕੱਤਰੇਤ ਦੇ ਬਾਹਰ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ। ਇਸੇ ਦੌਰਾਨ ਸਿਰਸਾ ਪੁਲੀਸ ਵੱਲੋਂ ਕਿਸਾਨਾਂ ’ਤੇ ਦੇਸ਼ਧ੍ਰੋਹ ਦੇ ਕੇਸ ਦਰਜ ਅਤੇ ਪੰਜ ਕਿਸਾਨਾਂ ਨੂੰ ਜੇਲ੍ਹ ਭੇਜਣ ਖ਼ਿਲਾਫ਼ ਸ਼ਨਿਚਰਵਾਰ ਨੂੰ ਕਿਸਾਨਾਂ ਵੱਲੋਂ ਮਿੰਨੀ ਸਕੱਤਰੇਤ ਦੇ ਬਾਹਰ ਲਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਇਹ ਪੱਕਾ ਮੋਰਚਾ ਕਿਸਾਨ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਾਲੇ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਲਾਇਆ ਗਿਆ ਹੈ। ਬਲਦੇਵ ਸਿੰਘ ਸਿਰਸਾ ਨੇ ਮਰਨ ਵਰਤ ਸ਼ੁਰੂ ਕਰਨ ਮਗਰੋਂ ਕਿਹਾ ਕਿ ਉਨ੍ਹਾਂ ਦਾ ਇਹ ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਪੁਲੀਸ ਪੰਜੇ ਕਿਸਾਨਾਂ ਨੂੰ ਰਿਹਾਅ ਨਹੀਂ ਕਰ ਦਿੰਦੀ। ਸਿਰਸਾ ਨੇ ਕਿਹਾ ਕਿ ਕਿਸਾਨਾਂ ਦੀ ਰਿਹਾਈ ਲਈ ਉਹ ਆਪਣੀ ਕੁਰਬਾਨੀ ਦੇਣ ਤੋਂ ਵੀ ਪਿੱਛੇ ਨਹੀਂ ਹਟਣਗੇ।

ਜ਼ਿਕਰਯੋਗ ਹੈ ਕਿ ਲੰਘੀ 11 ਜੁਲਾਈ ਨੂੰ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਜ਼ਿਲ੍ਹਾ ਭਾਜਪਾ ਵੱਲੋਂ ਪਾਰਟੀ ਕਾਰਕੁਨਾਂ ਦੀ ਇੱਕ ਵਰਕਸ਼ਾਪ ਨੂੰ ਸੰਸਦ ਮੈਂਬਰ ਸੁਨੀਤਾ ਦੁੱਗਲ ਤੋਂ ਇਲਾਵਾ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਵੀਰ ਗੰਗਵਾ ਸੰਬੋਧਨ ਕਰਨ ਆੲੇ ਸਨ। ਵਰਕਸ਼ਾਪ ਮਗਰੋਂ ਜਦੋਂ ਡਿਪਟੀ ਸਪੀਕਰ ਰਣਵੀਰ ਸਿੰਘ ਗੰਗਵਾ ਕਾਫਲੇ ਨਾਲ ਯੂਨੀਵਰਸਿਟੀ ਤੋਂ ਬਾਹਰ ਆਏ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਦੁਬਾਰਾ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਇਸੇ ਦੌਰਾਨ ਕਿਸੇ ਵਿਅਕਤੀ ਨੇ ਰਣਵੀਰ ਗੰਗਵਾ ਦੀ ਗੱਡੀ ਸ਼ੀਸ਼ਾ ਤੋੜ ਦਿੱਤਾ, ਜਿਸ ਮਗਰੋਂ ਪੁਲੀਸ ਨੇ ਲਾਠੀਚਾਰਜ ਕਰਦਿਆਂ ਕਈ ਕਿਸਾਨਾਂ ਨੂੰ ਰਿਹਾਸਤ ਵਿੱਚ ਲੈ ਲਿਆ ਪਰ ਕਿਸਾਨਾਂ ਦੇ ਰੋਹ ਕਾਰਨ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਇਸੇ ਦੌਰਾਨ ਸਿਵਲ ਲਾਇਨਜ਼ ਥਾਣੇ ਵਿੱਚ ਦੋ ਨਾਮਜ਼ਦ ਕਿਸਾਨਾਂ ਤੋਂ ਇਲਾਵਾ ਸੌ ਹੋਰ ਕਿਸਾਨਾਂ ’ਤੇ ਦੇਸ਼ਧ੍ਰੋਹ ਸਮੇਤ ਕਈ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ। ਇਸ ਮਾਮਲੇ ਵਿੱਚ ਪੁਲੀਸ ਨੇ ਬੀਤੇ ਦਿਨੀਂ ਵੱਖ-ਵੱਖ ਪਿੰਡਾਂ ਚੋਂ ਪੰਜ ਕਿਸਾਨਾਂ ਨੂੰ ਘਰਾਂ ’ਚੋਂ ਸੁੱਤਿਆਂ ਹੋਇਆ ਨੂੰ ਚੁੱਕ ਲਿਆ ਤੇ ਮੈਜਿਸਟਰੇਟ ਸਾਹਮਣੇ ਪੇਸ਼ ਕਰਕੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ ਹੈ।

ਕਿਸਾਨਾਂ ’ਤੇ ਦੇਸ਼ਧ੍ਰੋਹ ਦੇ ਕੇਸ ਦਰਜ ਕੀਤੇ ਜਾਣ ਅਤੇ ਪੰਜ ਕਿਸਾਨਾਂ ਨੂੰ ਜੇਲ੍ਹ ਭੇਜੇ ਜਾਣ ਦੀ ਸੂਚਨਾ ਸਥਾਨਕ ਕਿਸਾਨ ਆਗੂਆਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਦੇਣ ’ਤੇ ਕਿਸਾਨਾਂ ਵੱਲੋਂ ਸ਼ਨਿਚਰਵਾਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਮਹਾਪੰਚਾਇਤ ਕੀਤੀ ਗਈ, ਜਿਸ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਰਾਕੇਸ਼ ਟਿਕੇਤ, ਬਲਦੇਵ ਸਿੰਘ ਸਿਰਸਾ ਆਦਿ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੂੰ ਮਹਾਪੰਚਾਇਤ ਵਿੱਚ ਪਹੁੰਚਣ ਤੋਂ ਰੋਕਣ ਲਈ ਪੁਲੀਸ ਵੱਲੋਂ ਕਈ ਥਾਈਂ ਨਾਕੇ ਵੀ ਲਾਏ ਗਏ ਸਨ ਪਰ ਕਈ ਬੈਰੀਕੇਡ ਤੋੜਦਿਆਂ ਕਿਸਾਨ ਮਹਾਪੰਚਾਇਤ ਵਿੱਚ ਪੁੱਜ ਗਏ। ਕਿਸਾਨਾਂ ਦੀ ਵੱਡੀ ਗਿਣਤੀ ਦੇਖਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਸਾਨ ਆਗੂਆਂ ਨੂੰ ਗੱਲਬਾਤ ਦੀ ਤਜਵੀਜ਼ ਦਿੱਤੀ ਗਈ, ਜਿਸ ਨੂੰ ਕਿਸਾਨ ਆਗੂਆਂ ਨੇ ਸਵੀਕਾਰ ਕਰ ਲਿਆ। ਪਰ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਸਿਰੇ ਨਾ ਚੜ੍ਹਨ ਮਗਰੋਂ ਕਿਸਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕਰਨ ਮਗਰੋਂ ਮਿੰਨੀ ਸਕੱਤਰੇਤ ਦੇ ਗੇਟ ’ਤੇ ਪੱਕੇ ਮੋਰਚਾ ਲਾ ਦਿੱਤਾ ਗਿਆ। 

Leave a Reply

Your email address will not be published. Required fields are marked *