ਚੀਨ ਵੱਲੋਂ ਪੈਗਾਸਸ ਜਾਸੂਸੀ ਸਾਰੇ ਦੇਸ਼ਾਂ ਲਈ ਚੁਣੌਤੀ ਕਰਾਰ

ਪੇਈਚਿੰਗ:ਚੀਨ ਨੇ ਅੱਜ ਸਾਈਬਰ ਨਿਗਰਾਨੀ ਕਵਾਇਦ ਦੀ ਕਰੜੀ ਨਿਖੇਧੀ ਕੀਤੀ ਅਤੇ ਇਸ ਨੂੰ ਸਾਈਬਰ ਸੁਰੱਖਿਆ ਖ਼ਤਰੇ ਵਜੋਂ ਸਾਰੇ ਦੇਸ਼ਾਂ ਲਈ ਇੱਕ ਆਮ ਚੁਣੌਤੀ ਕਰਾਰ ਦਿੱਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਝਾਓ ਲੀ ਜਿਆਨ ਨੇ ਇੱਕ ਮੀਡੀਆ ਗਰੁੱਪ ਦੀ ਜਾਂਚ ਰਿਪੋਰਟ ’ਤੇ ਪ੍ਰਤੀਕਿਰਿਆ ਦਿੰਦਿਆਂ ਇਹ ਟਿੱਪਣੀ ਕੀਤੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਜ਼ਰਾਈਲ ਅਧਾਰਤ ਐੱਨਐੱਸਓ ਗਰੁੱਪ ਦੇ ਪੈਗਾਸਸ ਸਾਫਟਵੇਅਰ ਦੀ ਵਰਤੋਂ ਦੁਨੀਆਂ ਭਰ ’ਚ ਪੱਤਰਕਾਰਾਂ, ਮਨੁੱਖੀ ਅਧਿਕਾਰ ਕਾਰਕੁਨਾ ਅਤੇ ਰਾਜਨੀਤਕ ਲੋਕਾਂ ਦੀ ਜਾਸੁੂਸੀ ਲਈ ਕੀਤੀ ਜਾ ਰਹੀ ਹੈ। ਝਾਓ ਨੇ ਕਿਹਾ, ‘ਜੇਕਰ ਇਹ ਸੱਚ ਹੈ, ਤਾਂ ਚੀਨ ਇਸ ਦੀ ਨਿਖੇਧੀ ਕਰਦਾ ਹੈ।’ ਉਨ੍ਹਾਂ ਕਿਹਾ, ‘ਸਾਈਬਰ ਨਿਗਰਾਨੀ ਸਾਰੇ ਦੇਸ਼ਾਂ ਲਈ ਵੱਡੇ ਪੱਧਰ ’ਤੇ ਸਾਈਬਰ ਸੁਰੱਖਿਆ ਖ਼ਤਰੇ ਵਜੋਂ ਆਮ ਚੁਣੌਤੀ ਹੈ।’ ਉਨ੍ਹਾਂ ਕਿਹਾ ਕਿ ਸਾਰੇ ਦੇਸ਼ਾਂ ਨੂੰ ਬਰਾਬਰ ਸਨਮਾਨ, ਸਮਾਨਤਾ ਅਤੇ ਲਾਭ ਦੇ ਆਧਾਰ ’ਤੇ ਕੰਮ ਕਰਨਾ ਅਤੇ ਖ਼ਤਰਿਆਂ ਦਾ ਜਵਾਬ ਦੇਣ ਲਈ ਗੱਲਬਾਤ ਅਤੇ ਸਹਿਯੋਗ ’ਚ ਸ਼ਾਮਲ ਹੋਣਾ ਚਾਹੀਦਾ ਹੈ। ਅਮਰੀਕਾ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ, ‘ਅਮਰੀਕਾ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਚੀਨ ਨੂੰ ਫਰਜ਼ੀ ਨਾਵਾਂ ਨਾਲ ਬਦਨਾਮ ਕਰ ਰਿਹਾ ਹੈ… ਸਭ ਤੋਂ ਵੱਧ ਸਾਈਬਰ ਹਮਲੇ ਅਮਰੀਕਾ ਤੋਂ ਹੀ ਹੁੁੰਦੇ ਹਨ।’

Leave a Reply

Your email address will not be published. Required fields are marked *