ਮਿੱਟੀ ਦੀ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਜ਼ੋਰਾਂ ’ਤੇ

ਲਾਲੜੂ: ਭਾਵੇਂ ਪੰਜਾਬ ਸਰਕਾਰ ਤੇ ਮਾਈਨਿੰਗ ਵਿਭਾਗ ਹਲਕੇ ’ਚ ਗੈਰਕਾਨੂੰਨੀ ਮਾਈਨਿੰਗ ਨੂੰ ਰੋ ਕੇ ਜਾਣ ਦੇ ਦਾਅਵੇ ਕਰ ਰਹੇ ਹਨ ਪਰ ਅਸਲੀਅਤ ਇਸ ਤੋਂ ਉਲਟ ਹੈ। ਹਲਕੇ ’ਚ ਮਾਫੀਆ ਵੱਲੋਂ ਮਿੱਟੀ ਦੀ ਮਾਈਨਿੰਗ ਦਾ ਕੰਮ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ ਜੋ ਗੋਰਖ ਧੰਦਾ ਕਥਿਤ ਤੌਰ ’ਤੇ ਮਾਈਨਿੰਗ ਵਿਭਾਗ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ, ਜਿਸ ਕਾਰਨ ਮਾਫੀਆ ਲੋਕਾਂ ਦੇ ਹੌਸਲੇ ਬੁਲੰਦ ਹਨ। ਜਾਣਕਾਰੀ ਮੁਤਾਬਕ ਲਾਲੜੂ ਨੇੜੇ ਪੈਦੇ ਪਿੰਡ ਤੋਗਾਂਪੁਰ, ਆਂਗਾਪੁਰ, ਭਗਵਾਸੀ ਤੇ ਹੰਡੇਸਰਾ ਸਰਕਲ ਦੇ ਪਿੰਡ ਬਸੋਲੀ, ਮਲਕਪੁਰ, ਸਾਰੰਗਪੁਰ, ਜੋਲਾ, ਜਿਉਲੀ ਸਮੇਤ ਅਨੇਕਾਂ ਥਾਵਾਂ ’ਤੇ ਪੋਕਲੇਨ ਮਸ਼ੀਨਾਂ ਲਾ ਕੇ ਦਿਨ ਰਾਤ ਮਿੱਟੀ ਪੁੱਟਣ ਦਾ ਕੰਮ ਚੱਲ ਰਿਹਾ ਹੈ, ਹਰ ਰੋਜ਼ ਸੈਂਕੜੇ ਮਿੱਟੀ ਦੇ ਟਿੱਪਰ ਫੈਕਟਰੀਆਂ ਤੇ ਹੋਰ ਅਦਾਰਿਆਂ ’ਚ ਭਰਤ ਲਈ ਤੇ ਇੱਟਾਂ ਦੇ ਭੱਠਿਆ ’ਤੇ ਭੇਜੇ ਜਾ ਰਹੇ ਹਨ। ਗੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਲੋਕਾਂ ਦੀ ਸਰਕਾਰੇ ਦਰਬਾਰੇ ਪਹੁੰਚ ਕਾਰਨ ਖ਼ਬਰਾਂ ਪ੍ਰਕਾਸ਼ਿਤ ਕਰਨ ਵਾਲੇ ਪੱਤਰਕਾਰਾਂ ਨੂੰ ਵੀ ਉਨ੍ਹਾਂ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਦਿਨੀਂ ਪਿੰਡ ਤੋਗਾਂਪੁਰ ਦੀਆਂ ਔਰਤਾਂ ਨੇ ਮਿੱਟੀ ਦੇ ਭਰੇ ਟਿੱਪਰਾਂ ਨੂੰ ਆਪਣੇ ਪਿੰਡ ਰਾਹੀਂ ਲੰਘਣ ਤੋਂ ਰੋਕ ਦਿੱਤਾ ਸੀ ਕਿਉਂਕਿ ਦਿਨ ਰਾਤ ਚੱਲਣ ਵਾਲੇ ਟਿੱਪਰਾਂ ਕਾਰਨ ਲਿੰਕ ਸੜਕਾਂ ਦੀ ਹਾਲਤ ਖ਼ਸਤਾ ਹੋ ਗਈ ਹੈ ਅਤੇ ਖੇਤਾਂ ’ਚ ਕਈ-ਕਈ ਫੁੱਟ ਖਦਾਨ ਬਣੇ ਹੋਏ ਹਨ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਗੈਰਕਾਨੂੰਨੀ ਮਿੱਟੀ ਦੀ ਮਾਈਨਿੰਗ ਕਰਨ ਵਾਲੇ ਮਾਫੀਆ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਮਾਈਨਿੰਗ ਵਿਭਾਗ ਦੇ ਐੱਸਡੀਓ ਨਵੀਨ ਕੁਮਾਰ ਨੇ ਕਿਹਾ ਕਿ ਉਹ ਛੇਤੀ ਹੀ ਪਿੰਡ ਤੋਗਾਂਪੁਰ ਸਮੇਤ ਹੋਰ ਥਾਵਾਂ ’ਤੇ ਪੁਲੀਸ ਤੇ ਵਿਭਾਗ ਦੀਆਂ ਟੀਮਾਂ ਭੇਜ ਕੇ ਬਣਦੀ ਕਾਨੂੰਨੀ ਕਾਰਵਾਈ ਕਰਨਗੇ। ਕਿਸੇ ਨੂੰ ਵੀ ਮਿੱਟੀ ਦੀ ਮਾਈਨਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Leave a Reply

Your email address will not be published. Required fields are marked *