ਵਿਆਹ ਸਮਾਗਮ ’ਚ ਚੱਲੀਆਂ ਗੋਲੀਆਂ ਤੇ ਕਿਰਪਾਨਾਂ

ਫਗਵਾੜਾ: ਇੱਥੇ ਜੀਟੀ ਰੋਡ ’ਤੇ ਇੱਕ ਪੈਲੇਸ ਵਿੱਚ ਅੱਜ ਸ਼ਾਮ ਵਿਆਹ ਸਮਾਗਮ ’ਚ ਸ਼ਾਮਲ ਹੋਣ ਆਏ ਕੁੱਝ ਵਿਅਕਤੀਆਂ ਵਿਚਾਲੇ ਹੋਏ ਮਾਮੂਲੀ ਝਗੜੇ ਮਗਰੋਂ ਪਿਸਤੌਲ ਤੇ ਕਿਰਪਾਨਾਂ ਲੈ ਕੇ ਆਏ ਲੜਕੇ ਪਰਿਵਾਰ ਨਾਲ ਸਬੰਧਤ ਵਿਅਕਤੀਆਂ ਨੇ ਦੂਜੀ ਧਿਰ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੈਲੇਸ ਹੇਠਾਂ ਬਣੀ ਕਾਰ ਪਾਰਕਿੰਗ ’ਚ ਕੁੱਝ ਵਿਅਕਤੀਆਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਇੱਕ ਵਿਅਕਤੀ ਨੇ ਦੂਸਰੇ ਦੇ ਕੜਾ ਮਾਰ ਦਿੱਤਾ। ਇਸ ਦੀ ਰੰਜਿਸ਼ ਵਜੋਂ ਲੜਕਾ ਪਰਿਵਾਰ ਨਾਲ ਸਬੰਧਤ ਵਿਅਕਤੀ ਪੈਲੇਸ ਦੇ ਬਾਹਰ ਪਿਸਤੌਲ ਤੇ ਕਿਰਪਾਨਾਂ ਲੈ ਕੇ ਖੜ੍ਹੇ ਹੋ ਗਏ। ਜਦੋਂ ਦੂਜੀ ਧਿਰ ਦੇ ਵਿਅਕਤੀ ਉਥੋਂ ਲੰਘਣ ਲੱਗੇ ਤਾਂ ਉਨ੍ਹਾਂ ਬਲਬੀਰ ਸਿੰਘ ਪੁੱਤਰ ਤਰਸੇਮ ਵਾਸੀ ਫਗਵਾੜਾ ਅਤੇ ਬਲਵਿੰਦਰ ਸਿੰਘ ਵਾਸੀ ਹੁਸ਼ਿਆਰਪੁਰ ’ਤੇ ਹਮਲਾ ਕਰ ਦਿੱਤਾ। ਮਗਰੋਂ ਜ਼ਖ਼ਮੀ ਹਾਲਤ ਵਿੱਚ ਇਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਪੀ ਸਰਬਜੀਤ ਸਿੰਘ ਵਾਹੀਆ, ਡੀਐੱਸਪੀ ਪਰਮਜੀਤ ਸਿੰਘ ਅਤੇ ਐੱਸਐੱਚਓ ਸਿਟੀ ਸੁਰਜੀਤ ਸਿੰਘ ਨੇ ਮੌਕੇ ’ਤੇ ਪੁੱਜ ਕੇ ਤਿੰਨ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਉਨ੍ਹਾਂ ਤੋਂ ਪਿਸਤੌਲ ਬਰਾਮਦ ਕਰ ਲਿਆ ਹੈ। ਉਨ੍ਹਾਂ ਖ਼ਿਲਾਫ਼ ਇਰਾਦਾ ਕਤਲ ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੀਤਾ ਗਿਆ ਹੈ।

Leave a Reply

Your email address will not be published. Required fields are marked *