ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਲਈ ਹਫ਼ਤੇ ਦਾ ਨੋਟਿਸ ਦੇਣਾ ਪਵੇਗਾ: ਹਾਈ ਕੋਰਟ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਕਿਹਾ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਦੀ ਸਥਿਤੀ ਵਿਚ ਪਹਿਲਾਂ ਹਫ਼ਤੇ ਦਾ ਨੋਟਿਸ ਦੇਣਾ ਜ਼ਰੂਰੀ ਹੋਵੇਗਾ। ਇਹ ਹੁਕਮ ਹਾਈ ਕੋਰਟ ਨੇ ਕੋਟਕਪੂਰਾ ਪੁਲੀਸ ਫਾਇਰਿੰਗ ਕੇਸ ਦੇ ਮਾਮਲੇ ਵਿਚ ਦਿੱਤੇ ਹਨ। ਜਸਟਿਸ ਅਵਨੀਸ਼ ਝੀਂਗਣ ਦੇ ਇਸ ਹੁਕਮ ਨਾਲ ਸੈਣੀ ਹੁਣ ‘ਆਪਣੇ ਬਚਾਅ ਲਈ ਉਪਲੱਬਧ ਬਦਲਾਂ ਦਾ ਆਸਰਾ ਲੈ ਸਕਣਗੇ।’ ਦੱਸਣਯੋਗ ਹੈ ਕਿ ਸੈਣੀ ਨੇ ਪੰਜਾਬ ਸਰਕਾਰ ਖ਼ਿਲਾਫ਼ ਹਾਈ ਕੋਰਟ ਪਹੁੰਚ ਕੀਤੀ ਸੀ ਤੇ ਅਗਾਊਂ ਜ਼ਮਾਨਤ ਮੰਗੀ ਸੀ। ਕੋਟਕਪੂਰਾ ਕੇਸ ’ਚ ਦਰਜ ਐਫਆਈਆਰ ਵਿਚ ਕਈ ਧਾਰਾਵਾਂ ਲਾਈਆਂ ਗਈਆਂ ਹਨ ਜਿਨ੍ਹਾਂ ਵਿਚ ਹੱਤਿਆ ਦੀ ਕੋਸ਼ਿਸ਼, ਸਬੂਤ ਖ਼ਤਮ ਕਰਨ ਤੇ ਹੋਰ ਦੋਸ਼ ਲਾਏ ਗਏ ਹਨ। ਸੈਣੀ ਦੇ ਵਕੀਲ ਨੇ ਅਦਾਲਤ ਵਿਚ ਦੱਸਿਆ ਕਿ ਸਾਬਕਾ ਡੀਜੀਪੀ ਨੂੰ 26 ਮਾਰਚ ਨੂੰ ਫਰੀਦਕੋਟ ਅਦਾਲਤ ਵਿਚ ਤਲਬ ਕੀਤਾ ਗਿਆ ਸੀ ਤੇ ਗ੍ਰਿਫ਼ਤਾਰੀ ਦਾ ਖ਼ਦਸ਼ਾ ਸੀ। ਹਾਈ ਕੋਰਟ ਨੇ ਕਿਹਾ ਕਿ 4 ਮਾਰਚ ਨੂੰ ਨੋਟਿਸ ਦਿੱਤਾ ਗਿਆ ਸੀ। ਜਸਟਿਸ ਝੀਂਗਣ ਨੇ ਕਿਹਾ ਕਿ ਪਟੀਸ਼ਨਕਰਤਾ ਦਾ ਨਾਂ ਐਫਆਈਆਰ ਵਿਚ ਨਹੀਂ ਸੀ ਤੇ ਉਸ ਨੂੰ ਚੌਥੀ ਰਿਪੋਰਟ ਦੇ ਅਧਾਰ ਉਤੇ ਸੱਦਿਆ ਗਿਆ ਸੀ। ਪਰ ਹੁਣ ਇਸ ਰਿਪੋਰਟ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਜਾਂਚ ਨਵੀਂ ‘ਸਿੱਟ’ ਕਰ ਰਹੀ ਹੈ। ਹਾਲਾਂਕਿ ਕੇਸ ਦੇ ਪਿਛੋਕੜ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਪੱਖਾਂ ਜਿਵੇਂ ਕਿ ਸਿਆਸੀ ਰੰਗ ਨੂੰ ਧਿਆਨ ਵਿਚ ਰੱਖਦਿਆਂ ਹਾਈ ਕੋਰਟ ਪਟੀਸ਼ਨਕਰਤਾ ਨੂੰ ਗ੍ਰਿਫ਼ਤਾਰੀ ਦੇ ਕੇਸ ਵਿਚ ਬਚਾਅ ਦਾ ਮੌਕਾ ਦੇ ਰਿਹਾ ਹੈ। ਸੱਤ ਦਿਨ ਦਾ ਨੋਟਿਸ ਅਗਾਊਂ ਦੇਣਾ ਹੋਵੇਗਾ।

Leave a Reply

Your email address will not be published. Required fields are marked *