ਮੀਂਹ ਦੀ ਮਾਰ: ਪੰਜਾਬ ਦੇ ਵੱਡੇ ਸ਼ਹਿਰ ਜਲ-ਥਲ, ਫ਼ਸਲਾਂ ਖ਼ਰਾਬ

ਮੰਡੀ ਗੋਬਿੰਦਗੜ੍ਹ: ਪੰਜਾਬ ਵਿੱਚ ਲੰਘੇ ਦਿਨਾਂ ਤੋਂ ਪੈ ਰਹੇ ਮੀਂਹ ਨੇ ਜਿੱਥੇ ਪੰਜਾਬ ਦੇ ਵੱਡੇ ਸ਼ਹਿਰ ਜਲ-ਥਲ ਕਰ ਦਿੱਤੇ ਹਨ, ਉੱਥੇ ਹੀ ਇਹ ਮੀਂਹ ਹੁਣ ਫ਼ਸਲਾਂ ਲਈ ਵੀ ਮਾਰੂ ਸਿੱਧ ਹੋ ਰਿਹਾ ਹੈ। ਘੱਗਰ ਦੇ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਤਾਂ ਘਟਿਆ ਹੈ ਪਰ ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ’ਚ ਘੱਗਰ ਦਾ ਭੈਅ ਹਾਲੇ ਬਰਕਰਾਰ ਹੈ। ਅੱਜ ਭਾਰੀ ਬਾਰਸ਼ ਹੋਣ ਕਰਕੇ ਪੰਜਾਬ ਦੇ ਬਠਿੰਡਾ, ਪਟਿਆਲਾ ਤੇ ਲੁਧਿਆਣਾ ਸ਼ਹਿਰ ਪਾਣੀ ’ਚ ਘਿਰ ਗਏ ਹਨ। ਦੂਜੇ ਪਾਸੇ ਨਰਮਾ ਪੱਟੀ ਦੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ’ਚ ਨਰਮੇ ਤੇ ਕਪਾਹ ਦੀ ਫ਼ਸਲ ਨੁਕਸਾਨੀ ਗਈ ਹੈ ਜਦਕਿ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ’ਚ ਝੋਨੇ ਅਤੇ ਮੱਕੀ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਭਲਕੇ ਬੁੱਧਵਾਰ ਨੂੰ ਕੁਝ ਥਾਵਾਂ ’ਤੇ ਦਰਮਿਆਨੀ ਤੋਂ ਭਰਵੀਂ ਬਾਰਸ਼ ਹੋਵੇਗੀ ਜਦਕਿ ਪੰਜਾਬ ਦੇ ਕੁੱਝ ਹਿੱਸਿਆਂ ਵਿੱਚ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਅਨੁਸਾਰ ਅੱਜ ਸਭ ਤੋਂ ਵੱਧ ਪਟਿਆਲਾ ਜ਼ਿਲ੍ਹੇ ਵਿੱਚ 38 ਐੱਮਐੱਮ, ਲੁਧਿਆਣਾ ਵਿੱਚ 28 ਐੱਮਐੱਮ ਅਤੇ ਬਠਿੰਡਾ ਵਿੱਚ 19 ਐੱਮਐੱਮ ਬਾਰਸ਼ ਹੋਈ ਹੈ। ਇਨ੍ਹਾਂ ਵੱਡੇ ਸ਼ਹਿਰਾਂ ਦਾ ਜਨ-ਜੀਵਨ ਮੀਂਹ ਕਾਰਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸ਼ਹਿਰ ਬਠਿੰਡਾ ਵਿੱਚ ਮੁੱਖ ਸੜਕਾਂ ਨੂੰ ਪਾਣੀ ਨੇ ਜਾਮ ਕਰ ਦਿੱਤਾ ਹੈ। ਬਠਿੰਡਾ ਦੇ ਦਰਜਨਾਂ ਬਾਜ਼ਾਰਾਂ ਵਿੱਚ ਪਾਣੀ ਭਰ ਗਿਆ ਹੈ। ਵੇਰਵਿਆਂ ਅਨੁਸਾਰ ਅੱਜ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ, ਫ਼ਰੀਦਕੋਟ, ਫ਼ਤਹਿਗੜ੍ਹ ਸਾਹਿਬ, ਮੋਗਾ, ਮੁਹਾਲੀ ਅਤੇ ਸੰਗਰੂਰ ਵਿੱਚ ਵੀ ਭਰਵੀਂ ਬਾਰਸ਼ ਹੋਈ ਹੈ। ਸਮੁੱਚੇ ਪੰਜਾਬ ਵਿੱਚ ਬੱਦਲਵਾਈ ਬਣੀ ਹੋਈ ਹੈ। ਘੱਗਰ ਦਾ ਸਾਧਾਰਨ ਪੱਧਰ 728 ਫੁੱਟ ਮੰਨਿਆ ਜਾਂਦਾ ਹੈ ਅਤੇ 31 ਜੁਲਾਈ ਨੂੰ ਇਹ ਪੱਧਰ 748 ਫੁੱਟ ’ਤੇ ਚਲਾ ਗਿਆ ਸੀ। ਖ਼ਤਰੇ ਦੇ ਨਿਸ਼ਾਨ ’ਤੇ ਜਾਣ ਮਗਰੋਂ ਅੱਜ 12 ਵਜੇ ਘੱਗਰ ਦਾ ਪੱਧਰ 739 ਫੁੱਟ ਰਹਿ ਗਿਆ ਹੈ। ਪਟਿਆਲਾ ਜ਼ਿਲ੍ਹੇ ਦੇ ਭੁਨਰਹੇੜੀ ਬਲਾਕ ਦੇ ਦਰਜਨਾਂ ਪਿੰਡਾਂ ਵਿੱਚ ਕਰੀਬ ਚਾਰ ਹਜ਼ਾਰ ਏਕੜ ਫ਼ਸਲ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਈ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਪਟਿਆਲਾ ਜਸਵਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਘੱਗਰ ਵਿੱਚ ਪਾਣੀ ਦਾ ਪੱਧਰ ਘਟ ਗਿਆ ਹੈ ਪਰ ਮੀਂਹ ਕਾਰਨ ਜੀਰੀ, ਮੱਕੀ ਅਤੇ ਹਰਾ ਚਾਰਾ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਬਲਾਕ ਸਰਦੂਲਗੜ੍ਹ ਅਤੇ ਬੁਢਲਾਡਾ ਵਿੱਚ ਵੀ ਕਰੀਬ ਦੋ ਹਜ਼ਾਰ ਏਕੜ ਨਰਮੇ- ਕਪਾਹ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਮਾਨਸਾ ਸ਼ਹਿਰ ਵੀ ਅੱਜ ਪਾਣੀ ਨਾਲ ਜੂਝਦਾ ਰਿਹਾ। ਬਠਿੰਡਾ ਦੇ ਤਲਵੰਡੀ ਸਾਬੋ ਅਤੇ ਮੌੜ ਇਲਾਕੇ ਵਿੱਚ ਮੀਂਹ ਨੇ ਫ਼ਸਲਾਂ ਦਾ ਨੁਕਸਾਨ ਕੀਤਾ ਹੈ।

Leave a Reply

Your email address will not be published. Required fields are marked *