ਇਕਲੌਤੇ ਪੁੱਤ ਦੀ ਭਾਲ ’ਚ ਲੱਗੇ ਪਰਿਵਾਰ ਦੀ ਟੁੱਟੀ ਆਸ, ਇਸ ਹਾਲਤ ’ਚ ਦੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

ਬਾਬਾ ਬਕਾਲਾ ਸਾਹਿਬ : ਬੀਤੇ ਕੱਲ੍ਹ ਨਜ਼ਦੀਕੀ ਪਿੰਡ ਛਾਪਿਆਂਵਾਲੀ ਤੋਂ ਇਕ ਸਕੂਲੀ ਬੱਚਾ ਹਰਨੂਰ ਸਿੰਘ ਜੋ ਕਿ ਘਰੋਂ ਸਕੂਲ ਜਾਣ ਲਈ ਬੱਸ ਦੀ ਇੰਤਜ਼ਾਰ ਕਰ ਰਿਹਾ ਸੀ ਕਿ ਅਚਾਨਕ ਉਹ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਿਆ। ਜਿਸ ’ਤੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਨੂੰ ਸੂਚਿਤ ਕਰਨ ਤੋਂ ਬਾਅਦ ਪੁਲਸ ਨੇ ਵੀ ਆਪਣੇ ਹਰ ਵਿਧੀ ਨੂੰ ਅਪਨਾਉਦਿਆਂ ਲਾਪਤਾ ਬੱਚੇ ਦੀ ਭਾਲ ਕਰਨੀ ਸ਼ੁਰੂ ਕਰ ਦਿਤੀ। ਅੱਜ 24 ਘੰਟੇ ਬੀਤ ਜਾਣ ਉਪਰੰਤ ਹਰਨੂਰ ਸਿੰਘ ਦੀ ਪਿੰਡ ਦੇ ਹੀ ਛੱਪੜ ਤੋਂ ਤਰਦੀ ਹੋਈ ਲਾਸ਼ ਮਿਲੀ, ਜਿਸ ਉਪਰੰਤ ਪਿੰਡ ਛਾਪਿਆਂਵਾਲੀ ਤੋਂ ਇਲਾਵਾ ਸਮੁੱਚੇ ਖੇਤਰ ਵਿਚ ਇਹ ਖ਼ਬਰ ਸੁਨਣ ਤੋਂ ਬਾਅਦ ਮਾਹੌਲ ਗਮਗੀਨ ਹੋ ਗਿਆ। ਮ੍ਰਿਤਕ ਹਰਨੂਰ ਜੋ ਕਿ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ ਅਤੇ ਇਸਦਾ ਪਿਤਾ ਸਵਰਨਜੀਤ ਸਿੰਘ ਇਸ ਵੇਲੇ ਮਸਕਟ ਵਿਚ ਕੰਮ ਰਿਹਾ ਹੈ, ਜਦਕਿ ਮਾਤਾ ਕੰਵਲਜੀਤ ਕੌਰ ਘਰੇਲੂ ਕੰਮਕਾਜ ਦੀ ਦੇਖਰੇਖ ਕਰ ਰਹੀ ਹੈ।

ਥਾਣਾ ਬਿਆਸ ਦੀ ਪੁਲਸ ਵੱਲੋਂ ਬੀਤੇ ਕੱਲ ਇਸ ਤੋਂ ਘਟਨਾ ਬਾਅਦ ਜੇਰੇ ਦਫਾ 365 ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਇਹ ਮੰਦਭਾਗੀ ਘਟਨਾ ਵਾਪਰਨ ਤੋਂ ਬਾਅਦ ਥਾਣਾ ਮੁਖੀ ਬਿਆਸ ਹਰਜੀਤ ਸਿੰਘ ਬਾਜਵਾ ਵੱਲੋਂ ਇਸ ਧਾਰਾ ’ਚ ਵਾਧਾ ਕਰਦਿਆਂ ਹੁਣ ਨਾ-ਮਲੂਮ ਵਿਅਕਤੀਆਂ ਵਿਰੁੱਧ 302 ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੀ ਮਾਤਾ ਨੇ ਕਿਸੇ ਨਾਲ ਕੋਈ ਦੁਸ਼ਮਣੀ ਨਾ ਹੋਣ ਦੀ ਗੱਲ ਆਖੀ ਹੈ। ਅੱਜ ਚੌਕੀ ਇੰਚਾਰਜ ਬਾਬਾ ਬਕਾਲਾ ਪਰਮਜੀਤ ਸਿੰਘ, ਸਹਾਇਕ ਸਬ-ਇੰਸਪੈਕਟਰ ਬਰਜਿੰਦਰ ਸਿੰਘ ਤੇ ਸਿਕੰਦਰ ਲਾਲ ਵੱਲੋਂ ਪੁਲਸ ਕਾਰਵਾਈ ਨੂੰ ਅਮਲ ’ਚ ਲਿਆਉਂਦਿਆਂ ਮ੍ਰਿਤਕ ਹਰਨੂਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਲਿਆਂਦਾ ਗਿਆ, ਪੋਸਟਰਮਾਟਮ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।

Leave a Reply

Your email address will not be published. Required fields are marked *