ਕਿਸਾਨ ਅੰਦੋਲਨ: ਰੇਲਵੇ ਨੂੰ 1200 ਕਰੋੜ ਰੁਪਏ ਦਾ ਨੁਕਸਾਨ

ਅੰਬਾਲਾ ਪੰਜਾਬ ’ਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੇ ਜਾ ਰਹੇ ਅੰਦੋਲਨ ਕਾਰਨ ਰੇਲਵੇ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ’ਚ 32 ਰੇਲ ਮਾਰਗਾਂ ’ਤੇ ਧਰਨਿਆਂ ਕਾਰਨ ਰੇਲਵੇ ਨੂੰ ਪਹਿਲਾਂ ਹੀ 1200 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਿਆ ਹੈ। ਮਾਲ ਗੱਡੀਆਂ ਦੇ ਜ਼ਰੂਰੀ ਵਸਤਾਂ ਨਾਲ ਲੱਦੇ 2225 ਰੈਕ ਮਾਰਗ ਠੱਪ ਹੋਣ ਕਾਰਨ ਟਿਕਾਣਿਆਂ ’ਤੇ ਪਹੁੰਚਾਏ ਨਹੀਂ ਜਾ ਸਕੇ ਹਨ। ਉਨ੍ਹਾਂ ਕਿਹਾ ਕਿ ਕਰੀਬ 1350 ਰੈਕ ਨਾਲ ਲੱਦੀਆਂ ਮਾਲ ਗੱਡੀਆਂ ਦੇ ਆਰਡਰ ਜਾਂ ਤਾਂ ਰੱਦ ਕਰਨੇ ਪਏ ਜਾਂ ਉਨ੍ਹਾਂ ਦੇ ਮਾਰਗ ਬਦਲ ਦਿੱਤੇ ਗਏ ਹਨ। ਅਧਿਕਾਰੀ ਨੇ ਕਿਹਾ,‘‘ਰੇਲ ਪੱਟੜੀਆਂ ਅਤੇ ਪਲੇਟਫਾਰਮਾਂ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਅਤੇ ਸੁਰੱਖਿਆ ਕਰਕੇ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋ ਗਈ ਹੈ ਕਿਉਂਕਿ ਪ੍ਰਦਰਸ਼ਨਕਾਰੀਆਂ ਨੇ ਕੁਝ ਰੇਲਾਂ ਦੀ ਆਵਾਜਾਈ ਅਚਾਨਕ ਰੋਕ ਦਿੱਤੀ ਸੀ। ਕਈ ਥਾਵਾਂ ਖਾਸ ਕਰਕੇ ਜੰਡਿਆਲਾ, ਨਾਭਾ, ਤਲਵੰਡੀ ਸਾਬੋ ਅਤੇ ਬਠਿੰਡਾ ’ਚ ਤਿੱਖੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਪੰਜਾਬ ’ਚ ਰੇਲ ਮਾਰਗ ਠੱਪ ਰਹਿਣ ਕਾਰਨ ਖੇਤੀ, ਸਨਅਤੀ ਅਤੇ ਬੁਨਿਆਦੀ ਖੇਤਰਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਠੱਪ ਹੋ ਕੇ ਰਹਿ ਗਈ ਹੈ। ਇਸ ਤੋਂ ਪਹਿਲਾਂ ਰੇਲ ਮੰਤਰੀ ਪਿਯੂਸ਼ ਗੋਇਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮਾਲ ਗੱਡੀਆਂ ਚਲਾਉਣ ’ਤੇ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਮੰਗਿਆ ਸੀ।

Leave a Reply

Your email address will not be published. Required fields are marked *