ਛੱਤੀਸਗੜ੍ਹ: ਨਕਸਲੀਆਂ ਨਾਲ ਮੁਕਾਬਲੇ ’ਚ 22 ਜਵਾਨ ਹਲਾਕ

ਰਾਏਪੁਰ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਤੇ ਸੁਕਮਾ ਜ਼ਿਲ੍ਹੇ ਦੀ ਹੱਦ ’ਤੇ ਹੋਏ ਮੁਕਾਬਲੇ ’ਚ ਸੁਰੱਖਿਆ ਬਲਾਂ ਦੇ 22 ਜਵਾਨ ਮਾਰੇ ਗਏ। ਸੁਰੱਖਿਆ ਬਲਾਂ ਨੇ ਲਾਪਤਾ 17 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਸੂਬੇ ਦੇ ਸੀਨੀਅਰ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਜ ਘਟਨਾ ਵਾਲੀ ਥਾਂ ਤੋਂ ਲਾਪਤਾ 17 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਸੁਕਮਾ ਜ਼ਿਲ੍ਹੇ ਦੇ ਜਗਰਗੁੰਡਾ ਥਾਣੇ ਅਧੀਨ ਪੈਂਦੇ ਜੋਨਾਗੁੜਾ ਪਿੰਡ ਨੇੜੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲ ’ਚ ਪੰਜ ਜਵਾਨਾਂ ਦੇ ਮਰਨ ਤੇ 30 ਹੋਰ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਜਵਾਨਾਂ ’ਚੋਂ ਦੋ ਦੀਆਂ ਲਾਸ਼ਾਂ ਸੁਰੱਖਿਆ ਬਲਾਂ ਨੇ ਬਰਾਮਦ ਕਰ ਲਈਆਂ ਸਨ ਅਤੇ ਤਿੰਨ ਹੋਰ ਜਵਾਨਾਂ ਦੀਆਂ ਲਾਸ਼ਾਂ ਕੈਂਪ ’ਚ ਨਹੀਂ ਲਿਆਂਦੀਆਂ ਜਾ ਸਕੀਆਂ ਸਨ। ਉੱਥੇ ਹੀ ਇਸ ਘਟਨਾ ਦੌਰਾਨ 18 ਹੋਰ ਜਵਾਨਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਸੀ। ਸੁਰੱਖਿਆ ਬਲਾਂ ਦੇ ਕੁਝ ਹਥਿਆਰ ਵੀ ਗੁੰਮ ਹੋਣ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਜਵਾਨਾਂ ’ਚ ਸੀਆਰਪੀਐੱਫ, ਕੋਬਰਾ, ਜ਼ਿਲ੍ਹਾ ਰਿਜ਼ਰਵ ਗਾਰਡ ਦੇ ਜਵਾਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਲਾਪਤਾ ਜਵਾਨਾਂ ਦੀ ਭਾਲ ’ਚ ਅੱਜ ਸੁਰੱਖਿਆ ਬਲ ਰਵਾਨਾ ਕੀਤੇ ਗਏ ਸਨ। ਸੁਰੱਖਿਆ ਬਲਾਂ ਨੇ ਬੀਤੇ ਦਿਨ ਮਾਰੇ ਗਏ ਤਿੰਨ ਜਵਾਨਾਂ ਅਤੇ 17 ਹੋਰ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਹੁਣ ਤੱਕ ਇਸ ਘਟਨਾ ’ਚ 22 ਜਵਾਨਾਂ ਦੀ ਮੌਤ ਹੋਈ ਹੈ।

Leave a Reply

Your email address will not be published. Required fields are marked *