ਟਿੱਡੀ ਦਲ ਝਾਂਸੀ ਪੁੱਜਾ, ਹੋਰ ਜ਼ਿਲ੍ਹਿਆਂ ਨੂੰ ਚੌਕਸ ਕੀਤਾ

ਝਾਂਸੀ (ਯੂਪੀ) : ਮੱਧ ਪ੍ਰਦੇਸ਼ ਵਿੱਚ ਖੜ੍ਹੀਆਂ ਫ਼ਸਲਾਂ ’ਤੇ ਹੱਲਾ ਬੋਲਣ ਮਗਰੋਂ ਟਿੱਡੀ ਦਲ ਹੁਣ ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ’ਚ ਪੁੱਜ ਗਿਆ ਹੈ। ਇਹਤਿਆਤ ਵਜੋਂ ਖੇਤਰ ਦੇ ਹੋਰਨਾਂ ਜ਼ਿਲ੍ਹਿਆਂ ਨੂੰ ਚੌਕਸ ਰਹਿਣ ਲਈ ਆਖ ਦਿੱਤਾ ਗਿਆ ਹੈ। ਟਿੱਡੀ ਦਲ ਨੇ ਪਿਛਲੇ ਹਫ਼ਤੇ ਵੀ ਜ਼ਿਲ੍ਹੇ ’ਤੇ ਹਮਲਾ ਕੀਤਾ ਸੀ, ਪਰ ਮੁਕਾਮੀ ਲੋਕਾਂ ਦੀ ਮਦਦ ਨਾਲ ਇਨ੍ਹਾਂ ਵਿੱਚੋਂ ਅੱਧੀਆਂ ਟਿੱਡੀਆਂ ਨੂੰ ਮਾਰ ਮੁਕਾਇਆ ਗਿਆ।

ਟਿੱਡੀ ਦਲ ਦਾ ਸੱਜਰਾ ਹਮਲਾ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਵਿੱਚ ਵੇਖਣ ਨੂੰ ਮਿਲਿਆ ਹੈ। ਝਾਂਸੀ ਪ੍ਰਸ਼ਾਸਨ ਨੂੰ ਟਿੱਡੀ ਦਲ ਦੇ ਇਧਰ ਨੂੰ ਰੁਖ਼ ਕਰਨ ਦਾ ਅਨੁਮਾਨ ਸੀ, ਲਿਹਾਜ਼ਾ ਪ੍ਰਸ਼ਾਸਨ ਨੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਪਹਿਲਾਂ ਹੀ ਵੱਖ ਵੱਖ ਥਾਈਂ ਤਾਇਨਾਤ ਕੀਤੀਆਂ ਹੋਈਆਂ ਸਨ, ਜਿਨ੍ਹਾਂ ਦੇ ਟੈਂਕਰਾਂ ਵਿੱਚ ਪਾਣੀ ਦੀ ਥਾਂ ਕੀਟਨਾਸ਼ਕ ਲੱਦਿਆ ਹੋਇਆ ਸੀ।

ਝਾਂਸੀ ਡਿਵੀਜ਼ਨ ਦੇ ਡਿਪਟੀ ਡਾਇਰੈਕਟਰ (ਖੇਤੀ) ਕਮਲ ਕਟਿਆਰ ਨੇ ਕਿਹਾ ਕਿ ਟਿੱਡੀ ਦਲ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਗਰੁਥਾ ਤਹਿਸੀਲ ਦੇ ਸਕੀਲ ਪਿੰਡ ’ਚ ਪੁੱਜਾ ਤੇ ਇਹ ਇਕ ਵਰਗ ਕਿਲੋ ਮੀਟਰ ਦੇ ਖੇਤਰ ’ਚ ਫੈਲਿਆ ਹੋਇਆ ਸੀ।

Leave a Reply

Your email address will not be published. Required fields are marked *