ਦਿੱਲੀ ਪੁਲੀਸ ’ਤੇ ਰੁਲਦਾ ਸਿੰਘ ਦੀ ਕਾਰ ਦੇ ਸ਼ੀਸ਼ੇ ਤੋੜਨ ਦਾ ਦੋਸ਼

ਨਵੀਂ ਦਿੱਲੀ: ਕਿਸਾਨ ਜਥੇਬੰਦੀਆਂ ਨੇ ਦਿੱਲੀ ਪੁਲੀਸ ’ਤੇ ਕਿਸਾਨ ਆਗੂ ਰੁਲਦਾ ਸਿੰਘ ਮਾਨਸਾ ਦੀ ਕਾਰ ਦੇ ਸ਼ੀਸ਼ੇ ਤੋੜਨ ਦਾ ਦੋਸ਼ ਲਾਇਆ ਹੈ। ਸ੍ਰੀ ਰੁਲਦਾ ਸਿੰਘ ਅੱਜ ਸਾਥੀਆਂ ਨਾਲ ਵਿਗਿਆਨ ਭਵਨ ’ਚ ਕੇਂਦਰੀ ਮੰਤਰੀਆਂ ਨਾਲ ਹੋਣ ਵਾਲੀ ਵਾਰਤਾ ਵਿੱਚ ਹਿੱਸਾ ਲੈਣ ਲਈ ਜਾ ਰਹੇ ਸਨ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਦੋਸ਼ ਲਾਇਆ ਕਿ ਦਿੱਲੀ ਪੁਲੀਸ ਦੇ ਕਥਿਤ ਇਸ਼ਾਰੇ ਉਪਰ ਰੁਲਦਾ ਸਿੰਘ ਮਾਨਸਾ ਦੀ ਕਾਰ ਦਾ ਸ਼ੀਸ਼ਾ ਤੋੜਿਆ ਗਿਆ ਹੈ। ਰੁਲਦਾ ਸਿੰਘ ਦੀ ਕਾਰ ਦੇ ਪਿੱਛੇ ਹੀ ਰਾਕੇਸ਼ ਟਿਕੈਤ ਦੀ ਕਾਰ ਵੀ ਚੱਲ ਰਹੀ ਸੀ। ਰੁਲਦਾ ਸਿੰਘ ਦੀ ਪੁਲੀਸ ਨਾਲ ਹੋ ਰਹੀ ਬਹਿਸ ਦੇਖ ਕੇ ਸ੍ਰੀ ਟਿਕੈਤ ਵੀ ਆਪਣੀ ਕਾਰ ਵਿੱਚੋਂ ਹੇਠਾਂ ਉੱਤਰੇ ਜਿਸ ਮਗਰੋਂ ਮਾਮਲਾ ਸ਼ਾਂਤ ਹੋਇਆ। ਸ੍ਰੀ ਰੁਲਦਾ ਸਿੰਘ ਨਾਲ ਉਦੋਂ ਵੀ ਪੁਲੀਸ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਸੀ ਜਦੋਂ ਸ਼ੁਰੂਆਤੀ ਬੈਠਕਾਂ ਦੌਰਾਨ ਪੂਸਾ ਖੇਤੀਬਾੜੀ ਸੰਸਥਾ ਵਿੱਚ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਉਹ ਮੀਟਿੰਗ ਕਰਨ ਗਏ ਸਨ। ਕਿਸਾਨ ਆਗੂਆਂ ਸੰਤੋਖ ਸਿੰਘ ਅਤੇ ਅਮਰੀਕ ਸਿੰਘ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।

Leave a Reply

Your email address will not be published. Required fields are marked *