ਧੂੜ ਕਣਾਂ ‘ਤੇ ਫਤਹਿ ਪਾਉਣਾ ਹੋਇਆ ਅਸਾਨ, ਵਿਗਿਆਨੀਆਂ ਨੇ ਬਣਾਈ ਵਿਸ਼ੇਸ਼ ‘ਈ-ਡਿਵਾਈਸ’

ਨਵੀਂ ਦਿੱਲੀ : ਪ੍ਰਦੂਸ਼ਣ ਦੀ ਸਮੱਸਿਆ ਦਿਨੋਂ ਦਿਨ ਵਿਕਰਾਲ ਰੁਖ ਅਖਤਿਆਰ ਕਰਦੀ ਜਾ ਰਹੀ ਹੈ। ਇਸ ਦੇ ਟਾਕਰੇ ਲਈ ਵਿਗਿਆਨੀਆਂ ਵਲੋਂ ਵੀ ਸਿਰਤੋੜ ਕੋਸ਼ਿਸ਼ਾਂ ਜਾਰੀ ਹਨ। ਇਸੇ ਤਹਿਤ ਭਾਰਤ ਦੇ ਵਿਗਿਆਨੀਆਂ ਨੇ ਇਕ ਅਜਿਹੀ ਈ-ਡਿਵਾਈਸ ਬਣਾਉਣ ‘ਚ ਸਫ਼ਲਤਾ ਹਾਸਲ ਕੀਤੀ ਹੈ ਜੋ ਸਮੋਗ ਅਤੇ ਵਾਤਾਰਵਣ ‘ਚ ਪ੍ਰਦੂਸ਼ਣ ਕਾਰਨ ਜਮ੍ਹਾ ਹੋਏ ਧੂੜ ਕਣਾਂ ਨੂੰ ਕੰਟਰੋਲ ਕਰਨ ਦੇ ਸਮਰੱਥ ਹੈ।

ਦੇਸ਼ ਅੰਦਰ ਪਹਿਲੀ ਵਾਰ ਤਿਆਰ ਹੋਈ ਇਹ ਮਸ਼ੀਨ ਇਲੈਕਟ੍ਰਾਨਿਕ ਰੂਪ ਨਾਲ ਚਾਰਜ ਹੋਵੇਗੀ। ਇਸ ਦਾ ਡਿਜ਼ਾਇਨ ਤੇ ਪ੍ਰੀਖਣ ਚੰਡੀਗੜ੍ਹ ਸਥਿਤ ਵਿਗਿਆਨ ਯੰਤਰ ਸੰਗਠਨ ਦੇ ਵਿਗਿਆਨਿਕ ਤੇ ਉਦਯੋਗ ਖੋਜ ਪ੍ਰੀਸ਼ਦ ਦੀ ਪ੍ਰਯੋਗਸ਼ਾਲਾ ਵਿਚ ਕੀਤਾ ਗਿਆ ਹੈ। ਇਹ ਯੰਤਰ ਤਕਨੋਲੋਜੀ ਦੇ ਮੁਕੰਮਲ ਹੋਣ ਤੋਂ ਦੋ ਮਹੀਨੇ ਬਾਅਦ ਬਾਜ਼ਾਰ ਵਿਚ ਆ ਜਾਵੇਗਾ।

ਇਹ ਯੰਤਰ ਇਲੈਕਟ੍ਰਾਨਿਕ ਤੌਰ ‘ਤੇ ਚਾਰਜ ਕੀਤੀਆਂ ਗਈਆਂ ਪਾਣੀ ਦੀਆਂ ਬੂੰਦਾਂ ਨੂੰ ਸਟੋਰ ਕਰਨ ਦੇ ਸਿਧਾਂਤ ‘ਤੇ ਕੰਮ ਕਰਦਾ ਹੈ। ਇਕ ਵਾਰ ਜਦੋਂ ਇਹ ਕਣ ਪੀਐਮ-2.5 ਅਤੇ ਪੀਐਮ-10 ਅਤੇ ਸਮੋਕ ਦੇ ਸੰਪਰਕ ਵਿਚ ਆ ਜਾਂਦੇ ਹਨ ਤਾਂ ਮੁਕਤ ਹੋ ਜਾਂਦੇ ਹਨ।

ਵਿਗਿਆਨੀਆਂ ਮੁਤਾਬਕ ਇਹ ਪਹਿਲਾ ਮੌਕਾ ਹੈ ਜਦੋਂ ਅਸੀਂ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਦਾ ਇਲੈਕਟਾਨਿਕ ਹੱਲ ਲੱਭਿਆ ਹੈ। ਕਾਬਲੇਗੌਰ ਹੈ ਕਿ ਹਰ ਸਾਲ ਤਿਉਹਾਰਾਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਦਿੱਲੀ ਸਮੇਤ ਪੂਰੇ ਐਨਆਰਸੀ ਇਲਾਕੇ ਅੰਦਰ ਸਮੋਗ ਦਾ ਪ੍ਰਕੋਪ ਜਾਰੀ ਹੋ ਜਾਂਦਾ ਹੈ।

ਪੰਜਾਬ ਤੇ ਹਰਿਆਣਾ ਸਮੇਤ ਦੂਜੇ ਸੂਬਿਆਂ ‘ਚ ਪਰਾਲੀ ਨੂੰ ਲਾਈ ਜਾਂਦੀ ਅੱਗ ਕਾਰਨ ਇਹ ਸਮੱਸਿਆ ਹੋਰ ਵੀ ਵਿਕਰਾਲ ਰੁਖ ਅਖਤਿਆਰ ਕਰ ਜਾਂਦੀ ਹੈ। ਭਾਵੇਂ ਸਰਕਾਰਾਂ ਵਲੋਂ ਇਸ ਸਮੱਸਿਆ ਦੇ ਹੱਲ ਲਈ ਕਰੋੜਾਂ ਰੁਪਏ ਖ਼ਰਚੇ ਜਾਂਦੇ ਹਨ ਪਰ ਸਾਰਥਕ ਨਤੀਜੇ ਸਾਹਮਣੇ ਨਹੀਂ ਆ ਰਹੇ। ਅਜਿਹੇ ‘ਚ ਪ੍ਰਦੂਸ਼ਣ ਧੂੜ ਕਣਾਂ ਤੇ ਸਮੋਗ ਨੂੰ ਕੰਟਰੋਲ ਕਰਨ ਲਈ ਇਹ ਡਿਵਾਈਸ ਕਾਰਗਰ ਸਾਬਤ ਹੋ ਸਕਦਾ ਹੈ।

Leave a Reply

Your email address will not be published. Required fields are marked *