ਫ਼ੌਜਾਂ ਪਿੱਛੇ ਹਟਾਉਣ ਲਈ ਭਾਰਤ-ਚੀਨ ’ਚ ਸਮਝੌਤਾ: ਰਾਜਨਾਥ

ਨਵੀਂ ਦਿੱਲੀ : ਪੂਰਬੀ ਲੱਦਾਖ ’ਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਪਿਛਲੇ 9 ਮਹੀਨਿਆਂ ਤੋਂ ਜਾਰੀ ਜਮੂਦ ਨੂੰ ਤੋੜਨ ’ਚ ਕਾਮਯਾਬੀ ਮਿਲ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਰਾਜ ਸਭਾ ’ਚ ਦੱਸਿਆ ਕਿ ਪੂਰਬੀ ਲੱਦਾਖ ’ਚ ਪੈਂਗੌਗ ਝੀਲ ਦੇ ਉੱਤਰੀ ਅਤੇ ਦੱਖਣੀ ਕੰਢਿਆਂ ਤੋਂ ਫ਼ੌਜਾਂ ਪਿੱਛੇ ਹਟਾਉਣ ਲਈ ਭਾਰਤ ਅਤੇ ਚੀਨ ਸਮਝੌਤੇ ’ਤੇ ਪਹੁੰਚ ਗਏ ਹਨ। ਸਮਝੌਤੇ ਤਹਿਤ ਦੋਵੇਂ ਮੁਲਕ ਆਪਣੀਆਂ ਫ਼ੌਜਾਂ ਤਾਇਨਾਤ ਕਰਨਾ ਬੰਦ ਕਰ ਦੇਣਗੇ ਅਤੇ ਪੜਾਅਵਾਰ ਫ਼ੌਜਾਂ ਨੂੰ ਪਿੱਛੇ ਹਟਾਉਣਾ ਸ਼ੁਰੂ ਕਰਨਗੇ ਜਿਸ ਦੀ ਤਸਦੀਕ ਵੀ ਕੀਤੀ ਜਾਵੇਗੀ।
ਸਮਝੌਤੇ ਦੇ ਵੇਰਵੇ ਸਾਂਝੇ ਕਰਦਿਆਂ ਰਾਜਨਾਥ ਸਿੰਘ ਨੇ ਰਾਜ ਸਭਾ ਨੂੰ ਭਰੋਸਾ ਦਿੱਤਾ ਕਿ ਭਾਰਤ ਨੇ ਚੀਨ ਨਾਲ ਵਾਰਤਾ ਦੌਰਾਨ ਕੁਝ ਵੀ ਨਹੀਂ ਗੁਆਇਆ ਹੈ। ਉਨ੍ਹਾਂ ਕਿਹਾ,‘‘ਭਾਰਤ ਕਿਸੇ ਨੂੰ ਵੀ ਆਪਣੀ ਇਕ ਇੰਚ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਈ ਖੁੱਲ੍ਹ ਨਹੀਂ ਦੇਵੇਗਾ।’’ ਰੱਖਿਆ ਮੰਤਰੀ ਨੇ ਕਿਹਾ ਕਿ ਸਮਝੌਤਾ ਲਾਗੂ ਹੋਣ ਨਾਲ ਪਿਛਲੇ ਸਾਲ 5 ਮਈ ਤੋਂ ਪਹਿਲਾਂ ਵਾਲੇ ਹਾਲਾਤ ਬਹਾਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਇਸ ਗੱਲ ਲਈ ਰਾਜ਼ੀ ਹਨ ਕਿ ਦੁਵੱਲੇ ਸਮਝੌਤਿਆਂ ਅਤੇ ਪ੍ਰੋਟੋਕਾਲਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰਦਿਆਂ ਛੇਤੀ ਤੋਂ ਛੇਤੀ ਫ਼ੌਜਾਂ ਪਿੱਛੇ ਹਟਾਈਆਂ ਜਾਣ। ਚੀਨ ਵੱਲੋਂ ਫ਼ੌਜਾਂ ਪਿੱਛੇ ਹਟਾਉਣ ਦਾ ਅਮਲ ਸ਼ੁਰੂ ਕੀਤੇ ਜਾਣ ਦਾ ਐਲਾਨ ਕਰਨ ਦੇ ਇਕ ਦਿਨ ਬਾਅਦ ਹੀ ਉਪਰਲੇ ਸਦਨ ’ਚ ਬਿਆਨ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਦੋਵੇਂ ਮੁਲਕ ਉੱਤਰੀ ਅਤੇ ਦੱਖਣੀ ਕੰਢਿਆਂ ’ਤੇ ਪਿਛਲੇ ਸਾਲ ਅਪਰੈਲ ਤੋਂ ਬਣਾਏ ਗਏ ਢਾਂਚਿਆਂ ਨੂੰ ਹਟਾਉਣ ਲਈ ਵੀ ਸਹਿਮਤ ਹੋ ਗਏ ਹਨ। ਇਸ ਤੋਂ ਇਲਾਵਾ ਆਪਣੇ ਇਲਾਕਿਆਂ ’ਚ ਗਸ਼ਤ ਸਮੇਤ ਹੋਰ ਫ਼ੌਜੀ ਸਰਗਰਮੀਆਂ ਨੂੰ ਆਰਜ਼ੀ ਤੌਰ ’ਤੇ ਰੋਕਣ ਦਾ ਵੀ ਫ਼ੈਸਲਾ ਲਿਆ ਗਿਆ ਹੈ। -ਪੀਟੀਆਈ
ਦੋਵੇਂ ਮੁਲਕਾਂ ਦੇ ਸੀਨੀਅਰ ਕਮਾਂਡਰਾਂ ਦੀ ਬੈਠਕ ਛੇਤੀ
ਰੱਖਿਆ ਮੰਤਰੀ ਨੇ ਦੱਸਿਆ ਕਿ ਸਮਝੌਤੇ ਤਹਿਤ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਆਪਣੇ ਫ਼ੌਜੀ ਉੱਤਰੀ ਕੰਢੇ ਤੋਂ ਫਿੰਗਰ 8 ਦੇ ਪੂਰਬ ਵੱਲ ਰੱਖੇਗੀ ਅਤੇ ਭਾਰਤੀ ਜਵਾਨ ਪੈਂਗੌਂਗ ਝੀਲ ਦੇ ਇਲਾਕਿਆਂ ’ਚ ਫਿੰਗਰ 3 ਨੇੜੇ ਆਪਣੇ ਸਥਾਈ ਟਿਕਾਣੇ ਧਨ ਸਿੰਘ ਥਾਪਾ ਚੌਕੀ ’ਤੇ ਤਾਇਨਾਤ ਰਹਿਣਗੇ। ਉਨ੍ਹਾਂ ਕਿਹਾ ਕਿ ਸਮਝੌਤਾ ਬੁੱਧਵਾਰ ਤੋਂ ਲਾਗੂ ਹੋ ਗਿਆ ਹੈ ਅਤੇ ਪੈਂਗੌਂਗ ਝੀਲ ਦੇ ਇਲਾਕੇ ’ਚੋਂ ਫ਼ੌਜ ਪੂਰੀ ਤਰ੍ਹਾਂ ਨਾਲ ਪਿੱਛੇ ਹਟਾਉਣ ਦੇ 48 ਘੰਟਿਆਂ ਦੇ ਅੰਦਰ ਅੰਦਰ ਦੋਵੇਂ ਮੁਲਕਾਂ ਦੇ ਸੀਨੀਅਰ ਕਮਾਂਡਰਾਂ ਵਿਚਕਾਰ ਅਗਲੀ ਬੈਠਕ ਹੋਵੇਗੀ ਤਾਂ ਜੋ ਬਾਕੀ ਰਹਿੰਦੇ ਮਸਲਿਆਂ ਨੂੰ ਵੀ ਸੁਲਝਾਇਆ ਜਾ ਸਕੇ। ਬਹਾਦਰ ਜਵਾਨਾਂ ਵੱਲੋਂ ਦਿੱਤੀ ਗਈ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣ ਦਾ ਅਹਿਦ ਲੈਂਦਿਆਂ ਰੱਖਿਆ ਮੰਤਰੀ ਨੇ ਭਰੋਸਾ ਜਤਾਇਆ ਕਿ ਪੂਰਾ ਸਦਨ ਦੇਸ਼ ਦੀ ਖੁਦਮੁਖਤਿਆਰੀ, ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਹਾਲ ਰੱਖਣ ਲਈ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਸਦਨ ਰਾਹੀਂ ਪੂਰੀ ਦੁਨੀਆ ਨੂੰ ਵੀ ਏਕਤਾ ਅਤੇ ਤਾਕਤ ਦਾ ਸੁਨੇਹਾ ਦਿੱਤਾ ਗਿਆ ਹੈ।
ਸਰਕਾਰ ਨੇ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਦੋਸ਼ ਲਾਿੲਆ ਹੈ ਕਿ ਸਰਕਾਰ ਨੇ ਚੀਨ ਨਾਲ ਨਹੀਂ ਸਗੋਂ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ ’ਤੇ ਸਥਿਤੀ ਬਹਾਲ ਹੋਣ ਤੱਕ ਸ਼ਾਂਤੀ ਸਥਾਪਤ ਨਹੀਂ ਹੋਵੇਗੀ। ਉਨ੍ਹਾਂ ਟਵਿੱਟਰ ’ਤੇ ਕਿਹਾ ਕਿ ਸਰਕਾਰ ਭਾਰਤੀ ਫ਼ੌਜੀਆਂ ਦੀ ਕੁਰਬਾਨੀ ਦਾ ਅਪਮਾਨ ਕਿਉਂ ਕਰ ਰਹੀ ਹੈ। ਰਾਜ ਸਭਾ ’ਚ ਰੱਖਿਆ ਮੰਤਰੀ ਵੱਲੋਂ ਭਾਰਤ ਅਤੇ ਚੀਨ ਵਿਚਕਾਰ ਪੈਂਗੌਂਗ ਝੀਲ ਦੇ ਉੱਤਰੀ ਅਤੇ ਦੱਖਣੀ ਕੰਢਿਆਂ ਤੋਂ ਫ਼ੌਜਾਂ ਪਿੱਛੇ ਹਟਾਉਣ ਲਈ ਹੋਏ ਸਮਝੌਤੇ ਦੀ ਜਾਣਕਾਰੀ ਦੇਣ ਮਗਰੋਂ ਰਾਹੁਲ ਗਾਂਧੀ ਦਾ ਇਹ ਬਿਆਨ ਆਇਆ ਹੈ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਸਰਕਾਰ ਆਪਣੇ ਇਲਾਕੇ ਤੋਂ ਕਬਜ਼ਾ ਕਿਉਂ ਛੱਡ ਰਹੀ ਹੈ।