ਭਾਰਤੀ ਤੇ ਹਰਸ਼ 4 ਦਸੰਬਰ ਤੱਕ ਨਿਆਂਇਕ ਹਿਰਾਸਤ ’ਚ ਭੇਜੇ

ਮੁੰਬਈ: ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ ਹਾਸ ਕਲਾਕਾਰ ਭਾਰਤੀ ਸਿੰਘ ਅਤੇ ਊਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਗ੍ਰਿਫ਼ਤਾਰੀ ਕਰਨ ਮਗਰੋਂ ਅੱਜ ਇੱਥੋਂ ਦੀ ਇਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਊਨ੍ਹਾਂ ਨੂੰ 4 ਦਸੰਬਰ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਅਦਾਲਤ ਵੱਲੋਂ ਜ਼ਮਾਨਤ ਸਬੰਧੀ ਅਰਜ਼ੀਆਂ ’ਤੇ ਸੁਣਵਾਈ ਸੋਮਵਾਰ ਨੂੰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨਾਰਕੋਟਿਕ ਕੰਟਰੋਲ ਬਿਊਰੋ ਨੇ ਸ਼ਨਿਚਰਵਾਰ ਨੂੰ ਅੰਧੇਰੀ ਵਿੱਚ ਸਥਿਤ ਭਾਰਤੀ ਸਿੰਘ ਦੇ ਘਰ ਛਾਪਾ ਮਾਰ ਕੇ ਊੱਥੋਂ ਗਾਂਜਾ ਬਰਾਮਦ ਕੀਤਾ ਸੀ। ਊਪਰੰਤ ਭਾਰਤੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਊਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਪੁੱਛਗਿਛ ਲਈ ਹਿਰਾਸਤ ’ਚ ਲਿਆ ਗਿਆ ਸੀ ਜਿਸ ਦੀ ਗ੍ਰਿਫ਼ਤਾਰੀ ਅੱਜ ਤੜਕੇ ਪਾਈ ਗਈ। ਦੋਵੇਂ ਪਤੀ-ਪਤਨੀ ਨੂੰ ਅੱਜ ਦੁਪਹਿਰੇ ਇੱਥੇ ਇਕ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ। ਐੱਨਸੀਬੀ ਦੇ ਵਕੀਲ ਅਤੁਲ ਸਰਪਾਂਡੇ ਨੇ ਪੀਟੀਆਈ ਨੂੰ ਦੱਸਿਆ ਕਿ ਅਦਾਲਤ ਨੇ ਭਾਰਤੀ ਤੇ ਊਸ ਦੇ ਪਤੀ ਹਰਸ਼ ਨੂੰ 4 ਦਸੰਬਰ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।
ਪਤੀ-ਪਤਨੀ ਨੇ ਨਿਆਂਇਕ ਹਿਰਾਸਤ ’ਚ ਭੇਜੇ ਜਾਣ ਤੋਂ ਤੁਰੰਤ ਬਾਅਦ ਆਪਣੇ ਵਕੀਲ ਐਡਵੋਕੇਟ ਅਯਾਜ਼ ਖ਼ਾਨ ਰਾਹੀਂ ਜ਼ਮਾਨਤ ਅਰਜ਼ੀਆਂ ਦਾਖ਼ਲ ਕਰ ਦਿੱਤੀਆਂ। ਮੈਜਿਸਟਰੇਟ ਦੀ ਅਦਾਲਤ ਵੱਲੋਂ ਇਨ੍ਹਾਂ ਜ਼ਮਾਨਤ ਅਰਜ਼ੀਆਂ ’ਤੇ ਸੁਣਵਾਈ 23 ਨਵੰਬਰ ਨੂੰ ਕੀਤੀ ਜਾਵੇਗੀ। ਐੱਨਸੀਬੀ ਵੱਲੋਂ ਪੁੱਛਗਿਛ ਲਈ ਹਰਸ਼ ਦਾ ਰਿਮਾਂਡ ਮੰਗਿਆ ਗਿਆ ਜਦੋਂਕਿ ਭਾਰਤੀ ਨੂੰ ਨਿਆਂਇਕ ਹਿਰਾਸਤ ’ਚ ਭੇਜਣ ਲਈ ਕਹਿ ਦਿੱਤਾ ਗਿਆ। ਇਸ ’ਤੇ ਹਰਸ਼ ਦੇ ਵਕੀਲ ਅਯਾਜ਼ ਖਾਨ ਨੇ ਕਿਹਾ ਕਿ ਹਿਰਾਸਤੀ ਪੁੱਛਗਿਛ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਊਂਕਿ ਬਰਾਮਦ ਕੀਤਾ ਗਿਆ ਨਸ਼ੀਲਾ ਪਦਾਰਥ ਐੱਨਡੀਪੀਐੱਸ ਐਕਟ ਅਧੀਨ ਨਿਰਧਾਰਤ ਮਾਤਰਾ ਨਾਲੋਂ ਘੱਟ ਮਾਤਰਾ ’ਚ ਹੈ। ਮੈਜਿਸਟਰੇਟ ਨੇ ਵਕੀਲ ਦੀ ਦਲੀਲ ਤੋਂ ਸਹਿਮਤ ਹੁੰਦਿਆਂ ਕਿਹਾ ਕਿ ਹਿਰਾਸਤੀ ਪੁੱਛਗਿਛ ਦੀ ਲੋੜ ਨਹੀਂ ਹੈ ਕਿਊਂਕਿ ਮੁਲਜ਼ਮ ਤੋਂ ਪਹਿਲਾਂ ਹੀ ਪੁੱਛਗਿਛ ਕੀਤੀ ਜਾ ਚੁੱਕੀ ਹੈ। ਭਾਰਤੀ ਤੇ ਹਰਸ਼ ਨੇ ਅਦਾਲਤ ’ਚ ਦਾਇਰ ਕੀਤੀਆਂ ਗਈਆਂ ਜ਼ਮਾਨਤ ਅਰਜ਼ੀਆਂ ’ਚ ਦਲੀਲ ਦਿੱਤੀ ਹੈ ਕਿ ਊਨ੍ਹਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ ਅਤੇ ਇਸ ਵਾਸਤੇ ਊਨ੍ਹਾਂ ਦੇ ਫ਼ਰਾਰ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।