ਰੋਂਦੀ ਹੋਈ ਲਾਲੂ ਦੇ ਘਰੋਂ ਨਿਕਲੀ ਐਸ਼ਵਰਿਆ, ਕਿਹਾ-ਰਾਬੜੀ ਨੇ ਵਾਲ ਖਿੱਚ ਕੇ ਕੀਤੀ ਕੁੱਟਮਾਰ

ਪਟਨਾ : ਲਾਲੂ ਪਰਿਵਾਰ ‘ਚ ਸੱਸ-ਨੂੰਹ ਦਾ ਝਗੜਾ ਢਾਈ ਮਹੀਨੇ ਬਾਅਦ ਐਤਵਾਰ ਨੂੰ ਫਿਰ ਸੜਕ ‘ਤੇ ਆ ਗਿਆ ਹੈ। ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਦੀ ਪਤਨੀ ਐਸ਼ਵਰਿਆ ਰਾਏ ਨੇ ਆਪਣੀ ਸੱਸ ਰਾਬੜੀ ਦੇਵੀ ‘ਤੇ ਵਾਲ ਖਿੱਚ ਕੇ ਕੁੱਟਮਾਰ ਕਰਨ ਅਤੇ ਘਰ ਤੋਂ ਧੱਕੇ ਦੇ ਕੇ ਬਾਹਰ ਕੱਢਣ ਦਾ ਦੋਸ਼ ਲਾਇਆ ਹੈ।

ਮੀਡੀਆ ਕੈਮਰੇ ਵਿਚ ਸਾਹਮਣੇ ਰੋਂਦੀ ਹੋਈ ਐਸ਼ਵਰਿਆ ਇੰਨੇ ਗੁੱਸੇ ਵਿਚ ਸੀ ਕਿ ਉਹ ਆਪਣੀ ਸੱਸ ਨੂੰ ਉਨ੍ਹਾਂ ਦੇ ਨਾਂ ਰਾਬੜੀ ਨਾਲ ਸੰਬੋਧਨ ਕਰ ਰਹੀ ਸੀ। ਖ਼ਾਸ ਗੱਲ ਇਹ ਹੈ ਕਿ ਐਸ਼ਵਰਿਆ ਨੇ ਆਪਣੇ ਦਿਓਰ ਨੂੰ ਵੀ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਹਾਲਾਂਕਿ, ਕੁੱਟਮਾਰ ਦੌਰਾਨ ਤੇਜਸਵੀ ਘਰ ‘ਚ ਨਹੀਂ ਸਨ। ਐਸ਼ਵਰਿਆ ਨੇ ਕਿਹਾ ਕਿ ਲਾਲੂ ਪਰਿਵਾਰ ਵਿਚ ਕੋਈ ਕਾਨੂੰਨ ਨਹੀਂ ਹੈ। ਉਨ੍ਹਾਂ ਦਾ ਆਪਣਾ ਕਾਨੂੰਨ ਹੈ। ਤੇਜਸਵੀ ਤੋਂ ਵੀ ਕੁਝ ਨਹੀਂ ਹੋਵੇਗਾ।

ਉਧਰ, ਐਸ਼ਵਰਿਆ ਦੇ ਪਿਤਾ ਚੰਦਰਿਕਾ ਰਾਏ ਨੇ ਕਿਹਾ ਹੈ ਕਿ ਸਭ ਕੁਝ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ। ਹੁਣ ਆਰ-ਪਾਰ ਦੀ ਲੜਾਈ ਹੋਵੇਗੀ। ਉਨ੍ਹਾਂ ਕਿਹਾ ਕਿ ਤੇਜਸਵੀ ਨੇ ਪੂਰੇ ਮਾਮਲੇ ਵਿਚ ਨਾਕਾਬਲੀਅਤ ਸਾਬਤ ਕੀਤੀ ਹੈ। ਹੁਣ ਰਾਬੜੀ ਨੂੰ ਜੇਲ੍ਹ ਭਿਜਵਾ ਕੇ ਹੀ ਰਹਾਂਗਾ। ਐਸ਼ਵਰਿਆ ਦੀ ਮਾਂ ਪੂਰਣਿਮਾ ਰਾਏ ਨੇ ਕਿਹਾ ਕਿ ਪੂਰੇ ਪਰਿਵਾਰ ਦੀ ਮਾਨਸਿਕਤਾ ਮਾੜੀ ਹੈ।

ਪਟਨਾ ਵਿਚ ਰਾਬੜੀ ਦੀ ਰਿਹਾਇਸ਼ ਬਾਹਰ ਕਰੀਬ ਡੇਢ ਘੰਟੇ ਤਕ ਹੋਏ ਹੰਗਾਮੇ ਅਤੇ ਨਾਟਕ ਤੋਂ ਬਾਅਦ ਮਾਮਲਾ ਪੁਲਿਸ ਤਕ ਪਹੁੰਚ ਗਿਆ ਹੈ। ਐਸ਼ਵਰਿਆ ਰਾਏ ਨੇ ਆਪਣੇ ਦਾਦਾ ਅਤੇ ਸਾਬਕਾ ਮੁੱਖ ਮੰਤਰੀ ਦਾਰੋਗਾ ਪ੍ਰਸਾਦ ਰਾਏ ਬਾਰੇ ਕਿਹਾ ਕਿ ਉਨ੍ਹਾਂ ਹੀ ਲਾਲੂ ਪ੍ਰਸਾਦ ਯਾਦਵ ਨੂੰ ਅੱਗੇ ਵਧਾਇਆ। ਅੱਜ ਉਨ੍ਹਾਂ ਦੀ ਪੋਤੀ ਨਾਲ ਹੀ ਲਾਲੂ ਪਰਿਵਾਰ ਅਜਿਹਾ ਸਲੂਕ ਕਰ ਰਿਹਾ ਹੈ। ਐਸ਼ਵਰਿਆ ਨੇ ਪਿਛਲੀ ਵਾਰ ਮੀਸਾ ਭਾਰਤੀ ‘ਤੇ ਵੀ ਦੋਸ਼ ਲਾਇਆ ਸੀ।

ਐਸ਼ਵਰਿਆ ਨੇ ਕਿਹਾ ਕਿ 17 ਦਸੰਬਰ ਨੂੰ ਕੋਰਟ ਵਿਚ ਤਲਾਕ ਮਾਮਲੇ ‘ਤੇ ਫ਼ੈਸਲਾ ਆਉਣ ਦੀ ਉਮੀਦ ਹੈ। ਉਸ ਤੋਂ ਪਹਿਲਾਂ ਰਾਬੜੀ ਚਾਹੁੰਦੀ ਹੈ ਕਿ ਮੈਂ ਉਨ੍ਹਾਂ ਦਾ ਘਰ ਛੱਡ ਦਿਆਂ। ਐਸ਼ਵਰਿਆ ਨੇ ਆਪਣੀ ਜਾਨ ਨੂੰ ਫਿਰ ਖ਼ਤਰਾ ਦੱਸਿਆ ਅਤੇ ਕਿਹਾ ਕਿ ਜਦੋਂ ਘਰ ਵਿਚ ਮਾਰਿਆ-ਕੁੱਟਿਆ ਜਾ ਰਿਹਾ ਹੈ ਤਾਂ ਬਾਹਰ ਸਾਨੂੰ ਇਹ ਜਿਊਣ ਨਹੀਂ ਦੇਣਗੇ। ਪਿਛਲੀ ਵਾਰ 29 ਸਤੰਬਰ ਨੂੰ ਮੈਨੂੰ ਸਿਰਫ਼ ਘਰ ਤੋਂ ਬਾਹਰ ਕੱਢਿਆ ਸੀ ਅਤੇ ਖਾਣਾ-ਪੀਣਾ ਬੰਦ ਕੀਤਾ ਸੀ। ਇਸ ਵਾਰ ਮਾਰਿਆ-ਕੁੱਟਿਆ ਗਿਆ ਹੈ।

ਤੇਜਸਵੀ ਨੇ ਦਿੱਤਾ ਸਿਆਸੀ ਰੰਗ

ਤੇਜਸਵੀ ਯਾਦਵ ਨੇ ਪੂਰੇ ਮਾਮਲੇ ਨੂੰ ਇਹ ਕਹਿ ਕੇ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਇਸ਼ਾਰੇ ‘ਤੇ ਹੀ ਉਨ੍ਹਾਂ ਦੇ ਪਰਿਵਾਰ ਵਿਚ ਝਗੜਾ ਹੋ ਰਿਹਾ ਹੈ। ਨਿਤਿਸ਼ ਨਹੀਂ ਚਾਹੁੰਦੇ ਕਿ ਲਾਲੂ ਪਰਿਵਾਰ ਸਕੂਨ ਨਾਲ ਰਹੇ।