ਸਰਕਾਰ ਨੇ ਚੀਨੀ ਘੁਸਪੈਠ ਦੀ ਗੱਲ ਮੰਨੀ

ਨਵੀਂ ਦਿੱਲੀ : ਚੀਨ ਵੱਲੋਂ ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ ਘੁਸਪੈਠ ਕੀਤੇ ਜਾਣ ਦੀ ਗੱਲ ਭਾਰਤ ਸਰਕਾਰ ਨੇ ਮੰਨ ਲਈ ਹੈ ਤੇ ਇਸ ਦਾ ਖੁਲਾਸਾ ਰੱਖਿਆ ਮੰਤਰਾਲੇ ਦੀ ਵੈਬਸਾਈਟ ’ਤੇ ਪਾਈ ਰਿਪੋਰਟ ਤੋਂ ਹੋਇਆ ਹੈ। ਹਾਲਾਂਕਿ ਇਸ ਮੁੱਦੇ ’ਤੇ ਵਿਵਾਦ ਭਖਣ ਤੋਂ ਬਾਅਦ ਇਹ ਰਿਪੋਰਟ ਵੈੱਬਸਾਈਟ ਤੋਂ ਅੱਜ ਹਟਾ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਰੱਖਿਆ ਮੰਤਰਾਲੇ ਨੇ ਆਪਣੀ ਵੈੱਬਸਾਈਟ ’ਤੇ ਜੂਨ ਮਹੀਨੇ ਸਬੰਧੀ ਅਪਲੋਡ ਕੀਤੀ ਰਿਪੋਰਟ (ਜੋ ਹੁਣ ਹਟਾ ਦਿੱਤੀ ਗਈ ਹੈ) ’ਚ ਕਿਹਾ ਸੀ ਕਿ ਚੀਨੀ ਫੌਜਾਂ ਨੇ 17-18 ਮਈ ਨੂੰ ਲੱਦਾਖ ’ਚ ਭਾਰਤੀ ਮਲਕੀਅਤ ਵਾਲੇ ਇਲਾਕਿਆਂ ’ਚ ਘੁਸਪੈਠ ਕੀਤੀ ਸੀ। ਰੱਖਿਆ ਮੰਤਰਾਲੇ ਨੇ ਕਿਹਾ ਸੀ, ‘ਚੀਨ ਨਾਲ ਸਹਿਮਤੀ ਬਣਾਉਣ ਲਈ ਫੌਜੀ ਤੇ ਕੂਟਨੀਤਕ ਪੱਧਰ ’ਤੇ ਗੱਲਬਾਤ ਜਾਰੀ ਹੈ ਪਰ ਇਸ ਦੇ ਬਾਵਜੂਦ ਮੌਜੂਦਾ ਵਿਵਾਦ ਲੰਮਾ ਸਮਾਂ ਚੱਲਣ ਦੇ ਆਸਾਰ ਹਨ।’ ਮੰਤਰਾਲੇ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਸਬੰਧਤ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੂਰਬੀ ਲੱਦਾਖ ’ਚ ਚੀਨ ਦੇ ਲਗਾਤਾਰ ਘੁਸਪੈਠ ਕੀਤੇ ਜਾਣ ਕਾਰਨ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ ਅਤੇ ਹਾਲਾਤ ਨਾਲ ਨਜਿੱਠਣ ਲਈ ਇਸ ਦੀ ਨੇੜਿਓਂ ਨਿਗਰਾਨੀ ਕਰਨ ਅਤੇ ਢੁੱਕਵੀਂ ਕਾਰਵਾਈ ਕਰਨ ਦੀ ਲੋੜ ਹੈ। ਮੰਤਰਾਲੇ ਅਨੁਸਾਰ ਪੰਜ ਮਈ ਤੋਂ ਬਾਅਦ ਅਸਲ ਕੰਟਰੋਲ ਰੇਖਾ ਨੇੜੇ ਅਤੇ ਗਲਵਾਨ ਘਾਟੀ ’ਚ ਚੀਨ ਦੀ ਘੁਸਪੈਠ ਲਗਾਤਾਰ ਵੱਧ ਰਹੀ ਹੈ ਅਤੇ 17 ਤੇ 18 ਮਈ ਨੂੰ ਚੀਨ ਨੇ ਕੁਗਰੰਗ ਨਾਲਾ, ਗੋਗਰਾ ਤੇ ਪੈਂਗੌਗ ਝੀਲ ਦੇ ਉੱਤਰੀ ਕਿਨਾਰੇ ਵਾਲੇ ਇਲਾਕੇ ’ਚ ਘੁਸਪੈਠ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਮਸਲਾ ਸੁਲਝਾਉਣ ਲਈ ਜ਼ਮੀਨੀ ਪੱਧਰ ਦੀ ਗੱਲਬਾਤ ਵੀ ਕੀਤੀ ਗਈ ਹੈ। 6 ਜੂਨ ਨੂੰ ਦੋਵਾਂ ਧਿਰਾਂ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ ਵੀ ਕੀਤੀ ਗਈ ਪਰ 15 ਜੂਨ ਨੂੰ ਦੋਵਾਂ ਧਿਰਾਂ ਵਿਚਾਲੇ ਹਿੰਸਕ ਝੜਪ ਹੋ ਗਈ। ਰਿਪੋਰਟ ਅਨੁਸਾਰ ਕੋਰ ਕਮਾਂਡਰ ਪੱਧਰ ਦੀ ਦੂਜੀ ਮੀਟਿੰਗ 22 ਜੂਨ ਨੂੰ ਹੋਈ, ਜਿਸ ’ਚ ਫੌਜਾਂ ਪਿੱਛੇ ਹਟਾਉਣ ਬਾਰੇ ਚਰਚਾ ਕੀਤੀ ਗਈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਫੌਜੀ ਤੇ ਕੂਟਨੀਤਕ ਪੱਧਰ ਦੀ ਗੱਲਬਾਤ ਜਾਰੀ ਰਹਿਣ ਦੇ ਬਾਵਜੂਦ ਦੋਵਾਂ ਮੁਲਕਾਂ ਵਿਚਾਲੇ ਚੱਲ ਰਿਹਾ ਵਿਵਾਦ ਲੰਮਾ ਖਿੱਚਿਆ ਜਾ ਸਕਦਾ ਹੈ। ਇਸ ਰਿਪੋਰਟ ਦੇ ਅਖੀਰ ’ਚ ਕਿਹਾ ਗਿਆ, ‘ਹਾਲਾਤ ਨੂੰ ਦੇਖਦਿਆਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।’ ਜ਼ਿਕਰਯੋਗ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਤੀਜੀ ਮੀਟਿੰਗ 30 ਜੂਨ ਨੂੰ ਹੋਈ ਸੀ। ਚੀਨ ਪੈਂਗੌਗ ਇਲਾਕੇ ਤੋਂ ਪਿੱਛੇ ਹਟਣ ਲਈ ਰਾਜ਼ੀ ਹੋ ਗਿਆ ਸੀ ਪਰ ਉਹ ਹਟਿਆ ਨਹੀਂ। ਭਾਰਤ ਨੇ ਅਸਲ ਕੰਟਰੋਲ ਰੇਖਾ ਦੇ ਫਿੰਗਰ-8 ’ਤੇ ਦਾਅਵਾ ਕੀਤਾ ਸੀ ਅਤੇ ਚੀਨੀ ਫੌਜਾਂ ਫਿੰਗਰ-4 ਤੇ ਫਿੰਗਰ-5 ਵਿਚਕਾਰਲੇ ਇਲਾਕੇ ਤੋਂ ਇਲਾਵਾ ਦੇਪਸਾਂਗ ਤੇ ਡੈਮਚੋਕ ਦੇ ਲਾਂਘਿਆਂ ’ਤੇ ਡਟੀਆਂ ਹੋਈਆਂ ਹਨ। ਭਾਰਤੀ ਤੇ ਚੀਨੀ ਫੌਜੀ ਵਫ਼ਦ ਵਿਚਾਲੇ ਚੌਥੀ ਮੀਟਿੰਗ 14 ਜੁਲਾਈ ਨੂੰ ਹੋਈ ਜਿਸ ’ਚ ਫੌਜਾਂ ਤੇ ਫੌਜੀ ਸਾਮਾਨ ਵਿਵਾਦਤ ਇਲਾਕੇ ਤੋਂ ਹਟਾਉਣ ਬਾਰੇ ਗੱਲਬਾਤ ਕੀਤੀ ਗਈ। ਭਾਰਤੀ ਵਫ਼ਦ ਨੇ ਚੀਨੀ ਫੌਜ ਨੂੰ ਪੈਂਗੌਗ ਝੀਲ ਤੇ ਡੇਪਸਾਂਗ ਇਲਾਕੇ ਤੋਂ ਪੂਰੀ ਤਰ੍ਹਾਂ ਪਿੱਛੇ ਹਟਣ ਲਈ ਕਿਹਾ। ਇਸ ਵਿਵਾਦ ਸਬੰਧੀ ਪੰਜਵੀਂ ਮੀਟਿੰਗ 2 ਅਗਸਤ ਨੂੰ ਹੋ ਕੇ ਹਟੀ ਹੈ। ਇਸ ਮਗਰੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਚੀਨ ਦਾ ਪੂਰਬੀ ਲੱਦਾਖ ’ਚੋਂ ਫੌਜਾਂ ਪਿੱਛੇ ਹਟਾਉਣ ਦਾ ਕੋਈ ਇਰਾਦਾ ਨਹੀਂ ਹੇ ਤੇ ਭਾਰਤੀ ਅਧਿਕਾਰੀਆਂ ਵੱਲੋਂ ਫੌਜਾਂ ਨੂੰ ਲੰਮੇ ਸਮੇਂ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਹੈ।

Leave a Reply

Your email address will not be published. Required fields are marked *