ਹਾਥਰਸ ਕਾਂਡ: ਸਾਜ਼ਿਸ਼ ਬਾਰੇ ਯੂਪੀ ਦੀ ਐੱਸਟੀਐੱਫ ਜਾਂਚ ਕਰੇਗੀ

ਲਖਨਊ : ਹਾਥਰਸ ਕਾਂਡ ਮਗਰੋਂ ਸੂਬੇ ’ਚ ਜਾਤਾਂ ਵਿਚਕਾਰ ਦੰਗੇ ਕਰਾਉਣ ਦੀ ਕਥਿਤ ਸਾਜ਼ਿਸ਼ ਬਾਰੇ ਜਾਂਚ ਉੱਤਰ ਪ੍ਰਦੇਸ਼ ਪੁਲੀਸ ਦੀ ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਨੂੰ ਸੌਂਪੀ ਗਈ ਹੈ। ਐੱਸਟੀਐੱਫ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਟੀਮ ਛੇਤੀ ਹੀ ਜੁਰਮ ਵਾਲੀ ਥਾਂ ਦਾ ਦੌਰਾ ਕਰਕੇ ਉਥੋਂ ਸਬੂਤ ਇਕੱਤਰ ਕਰੇਗੀ। ਅਧਿਕਾਰੀ ਨੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਯੂਪੀ ਪੁਲੀਸ ਨੇ 19 ਅਣਪਛਾਤੇ ਵਿਅਕਤੀਆਂ ਖਿਲਾਫ਼ ਸੂਬੇ ’ਚ ਦੰਗੇ ਕਰਵਾ ਕੇ ਯੋਗੀ ਸਰਕਾਰ ਦੀ ਦਿਖ ਨੂੰ ਖ਼ਰਾਬ ਕਰਨ ਦੇ ਦੋਸ਼ਾਂ ਹੇਠ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ’ਚ ਕੇਰਲਾ ਦੇ ਪੱਤਰਕਾਰ ਸਿਦੀਕ ਕੱਪਨ ਸਮੇਤ ਚਾਰ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ ਇਨ੍ਹਾਂ ਵਿਅਕਤੀਆਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਹਾਥਰਸ ਜਾ ਰਹੇ ਸਨ। ਜ਼ਿਕਰਯੋਗ ਹੈ ਕਿ 14 ਸਤੰਬਰ ਨੂੰ 19 ਵਰ੍ਹਿਆਂ ਦੀ ਦਲਿਤ ਮੁਟਿਆਰ ਨਾਲ ਉੱਚੀ ਜਾਤ ਵਾਲੇ ਚਾਰ ਨੌਜਵਾਨਾਂ ਨੇ ਜਬਰ-ਜਨਾਹ ਅਤੇ ਕੁੱਟਮਾਰ ਕੀਤੀ ਸੀ। ਇਸ ਮਗਰੋਂ ਮੁਟਿਆਰ ਦੀ 29 ਸਤੰਬਰ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਹਾਥਰਸ ’ਚੋਂ ਦੋ, ਅਲੀਗੜ੍ਹ ਅਤੇ ਮਥੁਰਾ ਤੋਂ ਇਕ-ਇਕ ਐੱਫਆਈਆਰ ਮਿਲੀਆਂ ਹਨ। 

Leave a Reply

Your email address will not be published. Required fields are marked *