ਭਾਰਤ ਵੱਲੋਂ ਅਫ਼ਗਾਨ ਨਾਗਰਿਕਾਂ ਲਈ ਈ-ਵੀਜ਼ੇ ਦਾ ਐਲਾਨ

ਨਵੀਂ ਦਿੱਲੀ: ਭਾਰਤ ਨੇ ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਉਥੇ ਫਸੇ ਤੇ ਭਾਰਤ ਆਉਣ ਦੇ ਇੱਛੁਕ ਅਫ਼ਗ਼ਾਨ ਨਾਗਰਿਕਾਂ ਨੂੰ ਹੰਗਾਮੀ ਈ-ਵੀਜ਼ੇ ਜਾਰੀ ਕਰਨ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਧਰਮ ਦੇ ਸਾਰੇ ਅਫ਼ਗਾਨ ‘ਈ-ਐਮਰਜੈਂਸੀ ਵੀਜ਼ਾ’ ਲਈ ਆਨਲਾਈਨ ਅਪਲਾਈ ਕਰ ਸਕਣਗੇ ਤੇ ਇਨ੍ਹਾਂ ਅਰਜ਼ੀਆਂ ’ਤੇ ਨਵੀਂ ਦਿੱਲੀ ਵਿੱਚ ਕਾਰਵਾਈ ਕੀਤੀ ਜਾਵੇਗੀ। ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਕਿਹਾ, ‘‘ਕੇਂਦਰੀ ਗ੍ਰਹਿ ਮੰਤਰਾਲੇ ਨੇ ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਵੀਜ਼ਾ ਵਿਵਸਥਾਵਾਂ ’ਤੇ ਨਜ਼ਰਸਾਨੀ ਦਾ ਫੈਸਲਾ ਕੀਤਾ ਹੈ। ਭਾਰਤ ਵਿੱਚ ਦਾਖ਼ਲੇ ਲਈ ਵੀਜ਼ਾ ਅਰਜ਼ੀਆਂ ਨੂੰ ਫਾਸਟ-ਟਰੈਕ ਕਰਨ ਲਈ ਇਲੈਕਟ੍ਰੋਨਿਕ ਵੀਜ਼ਾ, ਜਿਸ ਨੂੰ ‘ਈ-ਐਮਰਜੈਂਸੀ ਵੀਜ਼ਾ’ ਕਿਹਾ ਜਾਂਦਾ ਹੈ, ਦੀ ਨਵੀਂ ਸ਼੍ਰੇਣੀ ਲਿਆਂਦੀ ਹੈ।’’ ਅਧਿਕਾਰੀਆਂ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਵਿਚਲਾ ਭਾਰਤੀ ਮਿਸ਼ਨ ਬੰਦ ਹੋਣ ਕਰਕੇ ਵੀਜ਼ੇ ਲਈ ਹੁਣ ਆਨਲਾਈਨ ਹੀ ਅਪਲਾਈ ਕੀਤਾ ਜਾ ਸਕੇਗਾ।