ਕੇਜਰੀਵਾਲ ਵੱਲੋਂ ਚਾਂਦਨੀ ਚੌਕ ਪ੍ਰਾਜੈਕਟ ਦਾ ਉਦਘਾਟਨ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਨਵੇਂ ਵਿਕਸਤ ਹੋਏ ਚਾਂਦਨੀ ਚੌਕ ਬਾਜ਼ਾਰ ਦਾ ਉਦਘਾਟਨ ਕਰਦਿਆਂ ਐਲਾਨ ਕੀਤਾ ਕਿ ਅੱਧੀ ਰਾਤ ਤੱਕ ਸਟਰੀਟ ਫੂਡ ਆਊਟਲੈਟਸ ਨੂੰ ਕੰਮ ਕਰਨ ਦੀ ਇਜਾਜ਼ਤ ਦੇ ਕੇ ਸਮੁੱਚਾ ਖੇਤਰ ਸੈਲਾਨੀ ਕੇਂਦਰ ਬਣ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਪੂਰੇ ਸ਼ਹਿਰ ਦੇ ਲੋਕ ਮੁੜ ਵਿਕਸਤ ਬਾਜ਼ਾਰ ਨੂੰ ਦੇਖਣ ਆ ਰਹੇ ਹਨ ਅਤੇ ਇਹ ਹੁਣ ਸਭ ਤੋਂ ਮਹੱਤਵਪੂਰਨ ਸੈਰ -ਸਪਾਟਾ ਸਥਾਨ ਬਣ ਗਿਆ ਹੈ।

ਚਾਂਦਨੀ ਚੌਕ ਮੁੱਖ ਬਾਜ਼ਾਰ ਵਿੱਚ ਫੁਹਾਰਾ ਚੌਕ ਨੇੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਪਹਿਲਾਂ ਹੀ ਇੱਕ ਮਹੱਤਵਪੂਰਨ ਸੈਰ-ਸਪਾਟਾ ਸਥਾਨ ਬਣ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਲੋਕ ਇੱਥੇ 12 ਵਜੇ ਤੱਕ ਘੁੰਮਣ ਲਈ ਆਉਂਦੇ ਹਨ। ਸਟ੍ਰੀਟ ਫੂਡ ਆਊਟਲੈਟਸ ਨੂੰ ਰਾਤ 12 ਵਜੇ ਤੱਕ ਖੋਲ੍ਹਣ ਦੀ ਆਗਿਆ ਹੋਵੇਗੀ ਤਾਂ ਜੋ ਲੋਕ ਰਾਤ ਨੂੰ ਇੱਥੇ ਆ ਸਕਣ। ਪਹਿਲਾਂ ਇਸ ਪ੍ਰੋਜੈਕਟ ਦਾ ਉਦਘਾਟਨ ਇਸ ਸਾਲ 17 ਅਪ੍ਰੈਲ ਨੂੰ ਹੋਣਾ ਸੀ ਪਰ ਕੋਵਿਡ -19 ਦੀ ਦੂਜੀ ਲਹਿਰ ਕਾਰਨ ਰੱਦ ਕਰ ਦਿੱਤਾ ਗਿਆ। ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਟੁੱਟੀਆਂ ਸੜਕਾਂ, ਲਟਕਦੀਆਂ ਤਾਰਾਂ, ਟ੍ਰੈਫਿਕ ਦੀ ਭੀੜ ਨਜ਼ਰ ਆਉਂਦੀ ਸੀ ਪਰ ਹੁਣ ਇਹ ਸੁੰਦਰ ਸਥਾਨ ਬਣ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਚਾਂਦਨੀ ਚੌਕ ਬਾਜ਼ਾਰ ਦੇ ਤਕਰੀਬਨ 1.4 ਕਿਲੋਮੀਟਰ ਦੇ ਖੇਤਰ ਨੂੰ ਸੁੰਦਰ ਬਣਾਇਆ ਗਿਆ ਹੈ ਅਤੇ ਇਹ ਖੂਬਸੂਰਤ ਨਜ਼ਾਰਾ ਪੇਸ਼ ਕਰਦਾ ਹੈ। ਇਥੇ ਆਵਾਜਾਈ ਵਿੱਚ ਸੁਧਾਰ ਕੀਤਾ ਗਿਆ, ਲਟਕਦੀਆਂ ਤਾਰਾਂ ਜ਼ਮੀਨਦੋਜ਼ ਪਾਈਆਂ ਗਈਆਂ, ਪੁਨਰ ਵਿਕਾਸ ਪ੍ਰੋਜੈਕਟ ਦੇ ਤਹਿਤ ਸੀਸੀਟੀਵੀ ਲਗਾਏ ਗਏ ਹਨ। ਪੁਨਰ ਵਿਕਾਸ ਪ੍ਰੋਜੈਕਟ ਵਿੱਚ ਲਾਲ ਕਿਲ੍ਹੇ ਅਤੇ ਫਤਿਹਪੁਰੀ ਮਸਜਿਦ ਕ੍ਰਾਸਿੰਗ ਵਿਚਕਾਰ ਮੁੱਖ ਚਾਂਦਨੀ ਚੌਕ ਦੇ ਹਿੱਸੇ ਨੂੰ ਬਿਹਤਰ ਅਤੇ ਸੁੰਦਰ ਬਣਾਇਆ ਗਿਆ ਹੈ। ਸਵੇਰੇ 9 ਵਜੇ ਤੋਂ ਰਾਤ 9 ਵਜੇ ਵਿਚਕਾਰ ਮੋਟਰ ਵਾਹਨ ਚਲਾਉਣ ਲਈ ਇਸ ਮਾਰਗ ਨੂੰ ਨੋ ਟ੍ਰੈਫਿਕ ਜ਼ੋਨ ਬਣਾਇਆ ਗਿਆ ਹੈ।

Leave a Reply

Your email address will not be published. Required fields are marked *