ਅਟਾਰੀ-ਵਾਹਗਾ ਸਰਹੱਦ ’ਤੇ ਦਰਸ਼ਕਾਂ ਲਈ ਰੀਟਰੀਟ ਰਸਮ ਮੁੜ ਸ਼ੁਰੂ

ਅੰਮ੍ਰਿਤਸਰ/ਅਟਾਰੀ: ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ-ਵਾਹਗਾ ਸਰਹੱਦ ’ਤੇ ਕਰੋਨਾ ਕਾਰਨ ਬੀਤੇ 18 ਮਹੀਨਿਆਂ ਤੋਂ ਸੈਲਾਨੀਆਂ ਲਈ ਬੰਦ ਰੀਟਰੀਟ ਰਸਮ ਮੁੜ ਸ਼ੁਰੂ ਹੋ ਗਈ ਹੈ। ਕਰੋਨਾ ਨਿਯਮਾਂ ਦੀਆਂ  ਸ਼ਰਤਾਂ  ਵਿੱਚ ਕੀਤੀ ਗਈ ਨਰਮੀ ਤਹਿਤ ਬੀਐੱਸਐੱਫ ਵੱਲੋਂ ਅਟਾਰੀ-ਵਾਹਗਾ ਸਰਹੱਦ ’ਤੇ ਹੁੰਦੀ ਰੀਟਰੀਟ ਰਸਮ ਦੇਖਣ ਲਈ ਤਿੰਨ ਸੌ ਦਰਸ਼ਕਾਂ ਨੂੰ ਇੱਥੇ ਗੈਲਰੀ ਵਿੱਚ ਬੈਠਣ ਦੀ  ਆਗਿਆ ਦਿੱਤੀ ਗਈ ਹੈ।  ਝੰਡਾ ਉਤਾਰਨ ਦੀ ਇਹ ਰਸਮ ਰੋਜ਼ ਸ਼ਾਮ ਸਰਹੱਦ ’ਤੇ ਭਾਰਤ ਅਤੇ ਪਾਕਿਸਤਾਨ ਦੋਵੇਂ ਪਾਸਿਓਂ ਕੀਤੀ ਜਾਂਦੀ ਹੈ, ਜੋ ਕਰੋਨਾ ਕਾਰਨ ਪਿਛਲੇ ਵਰ੍ਹੇ ਤੋਂ ਦਰਸ਼ਕਾਂ ਲਈ  ਬੰਦ ਸੀ।  ਪਾਕਿਸਤਾਨ ਨੇ ਆਪਣੀ ਦਰਸ਼ਕ ਗੈਲਰੀ ਪਿਛਲੇ ਵਰ੍ਹੇ ਅਕਤੂਬਰ ਵਿੱਚ ਹੀ ਖੋਲ੍ਹ ਦਿੱਤੀ ਸੀ ਪਰ ਭਾਰਤ ਨੇ ਹੁਣ ਖੋਲ੍ਹਣ ਦਾ ਫ਼ੈਸਲਾ ਲਿਆ ਹੈ। 

ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਕਰੋਨਾ ਦਿਸ਼ਾ-ਨਿਰਦੇਸ਼ਾਂ ਤਹਿਤ ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਪਿਛਲੇ ਵਰ੍ਹੇ ਮਾਰਚ ਵਿੱਚ ਦਰਸ਼ਕਾਂ ਦੀ ਆਮਦ ’ਤੇ ਰੋਕ ਲਾ ਦਿੱਤੀ ਗਈ ਸੀ। ਇੱਥੇ ਅਟਾਰੀ ਸਰਹੱਦ ’ਤੇ ਦਰਸ਼ਕ ਗੈਲਰੀ ਵਿੱਚ ਲਗਪਗ ਤੀਹ ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰਥਾ ਹੈ  ਪਰ ਹਾਲੇ ਇੱਥੇ ਸਿਰਫ ਤਿੰਨ ਸੌ ਦਰਸ਼ਕਾਂ ਨੂੰ ਹੀ ਇਹ ਰਸਮ ਦੇਖਣ ਦੀ ਆਗਿਆ ਦਿੱਤੀ ਗਈ ਹੈ।  ਬੀਐੱਸਐੱਫ ਦੇ ਇੱਕ ਉੱਚ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਮਾਰਤ ਅੰਦਰ ਲਗਪਗ 150 ਵਿਅਕਤੀਆਂ ਅਤੇ  ਖੁੱਲ੍ਹੀ ਥਾਂ ’ਤੇ ਲਗਪਗ 300 ਵਿਅਕਤੀਆਂ ਦੇ ਇਕੱਠ ਦੀ ਆਗਿਆ ਦਿੱਤੀ ਗਈ ਹੈ,   ਜਿਸ ਤਹਿਤ ਇੱਥੇ ਤਿੰਨ ਸੌ ਦਰਸ਼ਕ ਗੈਲਰੀ ਵਿੱਚ ਬੈਠ ਸਕਣਗੇ। ਇਸ ਸਬੰਧੀ ਯਾਤਰੀਆਂ ਨੂੰ ਬੀਐੱਸਐੱਫ ਦੇ ਖਾਸਾ ਹੈੱਡਕੁਆਰਟਰ ਤੋਂ ਦਾਖ਼ਲਾ ਪਾਸ ਮਿਲਣਗੇ। ਤਿੰਨ ਸੌ ਪਾਸ ਜਾਰੀ ਹੋਣ ਤੋਂ ਬਾਅਦ ਖਿੜਕੀ ਬੰਦ ਕਰ ਦਿੱਤੀ ਜਾਵੇਗੀ। ਇਹ ਰਸਮ ਸ਼ਾਮ ਨੂੰ ਸਾਢੇ   ਪੰਜ ਵਜੇ ਸ਼ੁਰੂ ਹੁੰਦੀ ਹੈ। 

Leave a Reply

Your email address will not be published. Required fields are marked *