ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਸਿਰਸਾ ਦੇ ਨਾਮਜ਼ਦਗੀ ਪੱਤਰ ਰੱਦ

ਨਵੀਂ ਦਿੱਲੀ: ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦਗੀ ਅੱਜ ਰੱਦ ਕਰ ਦਿੱਤੀ ਹੈ। ਸ੍ਰੀ ਸਿਰਸਾ ਦੇ ਗੁਰਮੁਖੀ ਦੇ ਇਮਤਿਹਾਨ ਵਿੱਚ ਨਾਕਾਮ ਰਹਿਣ ਕਾਰਨ ਨਾਮਜ਼ਦਗੀ ਪੱਤਰ ਰੱਦ ਕੀਤਾ ਗਿਆ। ਚੋਣ ਬੋਰਡ ਦੇ ਡਾਇਰੈਕਟਰ ਨਰਿੰਦਰ ਸਿੰਘ ਵੱਲੋਂ ਆਪਣੇ ਫ਼ੈਸਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਐਕਟ-1971 ਦੇ ਸੈਕਸ਼ਨ 10 ਵਿੱਚ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਲਈ ਸ਼ਰਤਾਂ ਪੂਰੀਆਂ ਨਾ ਕਰਨ ਕਾਰਨ ਸ੍ਰੀ ਸਿਰਸਾ ਨੂੰ ਅਯੋਗ ਕਰਾਰ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ ਦੇ ਅੰਗ 1358 ਉਪਰ ਲਿਖੀ ਗੁਰਬਾਣੀ ਉਹ ਨਹੀਂ ਪੜ੍ਹ ਸਕੇ। ਆਪਣੀ ਮਰਜ਼ੀ ਦੇ ਕੁੱਲ 46 ਸ਼ਬਦ ਵੀ ਉਨ੍ਹਾਂ ਨੇ ਗੁਰਮੁਖੀ ਵਿੱਚ ਲਿਖਣੇ ਸਨ, ਜਿਨ੍ਹਾਂ ਵਿੱਚੋਂ 27 ਅਸ਼ੁੱਧ ਦੱਸੇ ਜਾ ਰਹੇ ਹਨ। ਹਰਵਿੰਦਰ ਸਿੰਘ ਸਰਨਾ ਨੇ ਸਿਰਸਾ ਦੀ ਨਾਮਜ਼ਦਗੀ ਨੂੰ ਚੁਣੌਤੀ ਦਿੱਤੀ ਸੀ। ਉਧਰ, ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਚੋਣ ਬੋਰਡ ਦੇ ਡਾਇਰੈਕਟਰ ਤੋਂ ਇਹੀ ਉਮੀਦ ਸੀ ਕਿਉਂਕਿ ਉਹ ਵਿਰੋਧੀਆਂ ਨਾਲ ਮਿਲ ਕੇ ਇੱਕਪਾਸੜ ਕਦਮ ਪੁੱਟ ਰਹੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਫ਼ੈਸਲੇ ਦਿੰਦੇ ਆਏ ਸਨ। ਉਨ੍ਹਾਂ ਕਿਹਾ ਕਿ 24 ਸਤੰਬਰ ਨੂੰ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਇਸ ਦਾ ਨਿਤਾਰਾ ਹੋ ਜਾਵੇਗਾ।

Leave a Reply

Your email address will not be published. Required fields are marked *