ਮੰਦਰ ਟਰੱਸਟ ਨੂੰ ਆਡਿਟ ਤੋਂ ਛੋਟ ਸਬੰਧੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ

ਨਵੀਂ ਦਿੱਲੀ:ਸੁਪਰੀਮ ਕੋਰਟ ਨੇ ਸ੍ਰੀ ਪਦਮਨਾਭ ਸਵਾਮੀ ਮੰਦਰ ਟਰੱਸਟ ਵੱਲੋਂ ਉਸ ਨੂੰ 25 ਸਾਲਾਂ ਲਈ ਆਡਿਟ ਤੋਂ ਛੋਟ ਦੇਣ ਦੀ ਮੰਗ ਕਰਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਯੂ.ਯੂ.ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਆਡਿਟ ਦੇ ਅਮਲ ਨੂੰ ਛੇਤੀ ਤੋਂ ਛੇਤੀ ਅਤੇ ਤਰਜੀਹੀ ਤੌਰ ’ਤੇ ਤਿੰਨ ਮਹੀਨਿਆਂ ਅੰਦਰ ਪੂਰਾ ਕੀਤਾ ਜਾਵੇ। ਬੈਂਚ, ਜਿਸ ਵਿੱਚ ਜਸਟਿਸ ਐੱਸ.ਰਵਿੰਦਰ ਭੱਟ ਤੇ ਜਸਟਿਸ ਬੇਲਾ.ਐੱਮ.ਤ੍ਰਿਵੇਦੀ ਵੀ ਸ਼ਾਮਲ ਸਨ, ਨੇ ਕਿਹਾ, ‘‘ਇਹ ਸਾਫ਼ ਕੀਤਾ ਜਾਂਦਾ ਹੈ ਜਿਸ ਆਡਿਟ ਲਈ ਸਾਲ 2020 ਵਿੱਚ ਕਿਹਾ ਗਿਆ ਸੀ, ਉਹ ਸਿਰਫ਼ ਮੰਦਿਰ ਤੱਕ ਸੀਮਤ ਨਹੀਂ ਬਲਕਿ ਟਰੱਸਟ ਵੀ ਇਸ ਦੇ ਘੇਰੇ ਵਿੱਚ ਆਉਂਦਾ ਹੈ।’’ ਕੇਰਲਾ ਸਥਿਤ ਇਸ ਮੰਦਰ ਦੀ ਪ੍ਰਸ਼ਾਸਨਿਕ ਕਮੇਟੀ ਨੇ 17 ਸਤੰਬਰ ਨੂੰ ਸਿਖਰਲੀ ਅਦਾਲਤ ਨੂੰ ਦੱਸਿਆ ਸੀ ਕਿ ਉਸ ’ਤੇ ਵੱਡਾ ਵਿੱਤੀ ਦਬਾਅ ਹੈ ਕਿਉਂਕਿ ਮੰਦਰ ਵਿੱਚ ਚੜ੍ਹਦੇ ਚੜਾਵੇ ਨਾਲ ਖਰਚੇ ਪੂਰੇ ਕਰਨੇ ਵੀ ਔਖੇ ਹੋ ਗਏ ਹਨ। ਕਮੇਟੀ ਨੇ ਤ੍ਰਾਵਨਕੋਰ ਦੇ ਸ਼ਾਹੀ ਪਰਿਵਾਰ ਵੱਲੋਂ ਚਲਾਏ ਜਾਂਦੇ ਮੰਦਰ ਨਾਲ ਜੁੜੇ ਟਰੱਸਟ ਦਾ ਆਡਿਟ ਕਰਵਾਏ ਜਾਣ ਦੀ ਮੰਗ ਕੀਤੀ ਸੀ।