ਕਸ਼ਮੀਰ ’ਚ ਮੁਕਾਬਲੇ ਦੌਰਾਨ ਜੇਸੀਓ ਸਣੇ 5 ਜਵਾਨ ਹਲਾਕ

ਸ੍ਰੀਨਗਰ : ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਇਕ ਜੂਨੀਅਰ ਕਮਿਸ਼ਨਡ ਅਧਿਕਾਰੀ (ਜੇਸੀਓ) ਸਣੇ ਫ਼ੌਜ ਦੇ ਪੰਜ ਜਵਾਨ ਹਾਲਕ ਹੋ ਗਏ।
ਮਾਰੇ ਗਏ ਜਵਾਨਾਂ ਵਿਚੋਂ ਤਿੰਨ ਪੰਜਾਬ ਤੋਂ ਹਨ। ਸ਼ਹੀਦ ਹੋਏ ਪੰਜ ਸੈਨਿਕਾਂ ਵਿਚ ਨੂਰਪੁਰ ਬੇਦੀ ਬਲਾਕ ਦੇ ਪਿੰਡ ਪਚਰੰਡਾ ਦਾ ਸੈਨਿਕ ਗੱਜਣ ਸਿੰਘ ਸ਼ਾਮਲ ਹੈ। 23 ਸਿੱਖ ਰੈਜੀਮੈਂਟ ਵਿਚ ਭਰਤੀ ਹੋਇਆ ਇਹ ਜਵਾਨ ਅੱਜਕੱਲ੍ਹ 16 ਆਰ.ਆਰ.ਰੈਜੀਮੈਂਟ ਵਿਚ ਪੁਣਛ ਵਿਖੇ ਤਾਇਨਾਤ ਸੀ। ਗੱਜਣ ਸਿੰਘ ਦਾ ਵਿਆਹ ਲੰਘੀ ਫਰਵਰੀ 2021 ਵਿਚ ਹੋਇਆ ਸੀ।
ਇਸੇ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੱਠਾ ਸੀੜਾ ਦਾ ਰਹਿਣ ਵਾਲਾ ਫੌਜੀ ਮਨਦੀਪ ਸਿੰਘ ਪੁੰਛ ਵਿਚ ਸ਼ਹਾਦਤ ਦਾ ਜਾਮ ਪੀ ਗਿਆ। ਮਨਦੀਪ 10 ਸਾਲ ਪਹਿਲਾਂ ਭਰਤੀ ਹੋਇਆ ਸੀ। ਕਪੂਰਥਲ਼ਾ ਜਿਲ੍ਹੇ ਤੋਂ ਜਸਵਿੰਦਰ ਸਿੰਘ ਵੀ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਸ਼ਹੀਦ ਹੋ ਗਿਆ। ਸ਼ਹੀਦ ਹੋਏ ਦੂਜੇ ਦੋ ਜਵਾਨਾਂ ਵਿੱਚ ਸਾਹਜਹਾਂਪੁਰ ਜਿਲ੍ਹੇ ਦਾ ਸਰਤਾਜ ਸਿੰਘ ਅਤੇ ਕੇਰਲਾ ਦਾ ਵੈਸਾਖ ਸ਼ਾਮਲ ਹੈ।
ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਸੁਰਨਕੋਟ ਵਿਚ ਡੀਕੇਜੀ ਕੋਲ ਇਕ ਪਿੰਡ ਵਿਚ ਤੜਕੇ ਇਕ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇਕ ਜੇਸੀਓ ਅਤੇ ਚਾਰ ਹੋਰ ਫ਼ੌਜੀ ਜਵਾਨ ਗੰਭੀਰ ਜ਼ਖ਼ਮੀ ਹੋ ਗਏ ਅਤੇ ਇਨ੍ਹਾਂ ਪੰਜ ਦੇ ਪੰਜ ਜਵਾਨਾਂ ਦੀ ਬਾਅਦ ਵਿਚ ਹਸਪਤਾਲ ਪਹੁੰਚ ਕੇ ਮੌਤ ਹੋ ਗਈ।