ਬਾਹਰ ਹਵਾ ਚੱਲਣ ਨਾਲ ਵੀ ਵਧ ਸਕਦੈ ਕੋਰੋਨਾ ਵਾਇਰਸ ਦਾ ਜ਼ੋਖਮ : ਅਧਿਐਨ

ਨਵੀਂ ਦਿੱਲੀ- ਭਾਰਤੀ ਤਕਨਾਲੋਜੀ ਸੰਸਥਾ, ਬੰਬਈ ਦੇ ਖੋਜਕਰਤਾਵਾਂ ਵਲੋਂ ਕੀਤੇ ਗਏ ਅਧਿਐਨ ਅਨੁਸਾਰ ਹਲਕੀ ਹਵਾ ’ਚ ਵੀ ਸਾਰਸ-ਸੀਓਵੀ2 ਸੰਕਰਮਣ ਦਾ ਖ਼ਤਰਾ ਵਧ ਜਾਂਦਾ ਹੈ। ਖੋਜਕਰਤਾਵਾਂ ਨੇ ਘਰੋਂ ਬਾਹਰ ਵਿਸ਼ੇਸ਼ ਰੂਪ ਨਾਲ ਹਲਕੀ ਹਵਾ ਚੱਲਣ ’ਤੇ ਮਾਸਕ ਪਹਿਨਣ ਦੀ ਸਿਫ਼ਾਰਿਸ਼ ਕੀਤੀ ਹੈ। ਮੈਗਜ਼ੀਨ ‘ਫਿਜ਼ੀਕਸ ਆਫ਼ ਫਲੁਈਡਸ’ ’ਚ ਬੁੱਧਵਾਰ ਨੂੰ ਪ੍ਰਕਾਸ਼ਿਤ ਖੋਜ ’ਚ ਸਾਹਮਣੇ ਆਇਆ ਕਿ ਜਦੋਂ ਕੋਈ ਵਿਅਕਤੀ ਖੁੱਲ੍ਹੇ ’ਚ ਖੰਘਦਾ ਹੈ ਤਾਂ ਉਸ ਦਿਸ਼ਾ ਤੋਂ ਹਵਾ ਚੱਲਣ ਨਾਲ ਵਾਇਰਸ ਤੇਜ਼ੀ ਨਾਲ ਲੰਬੀ ਦੂਰੀ ਤੱਕ ਪਹੁੰਚ ਸਕਦਾ ਹੈ।
ਆਈ.ਆਈ.ਟੀ. ਬੰਬਈ ਦੇ ਸਹਿ-ਅਧਿਐਨਕਰਤਾ ਅਮਿਤ ਅਗਰਵਾਲ ਨੇ ਕਿਹਾ,‘‘ਇਹ ਅਧਿਐਨ ਹਵਾ ਦੀ ਦਿਸ਼ਾ ’ਚ ਖੰਘਣ ਨਾਲ ਸੰਕਰਮਣ ਦਾ ਜ਼ੋਖਮ ਵੱਧ ਹੋਣ ਵੱਲ ਇਸ਼ਾਰਾ ਕਰਦਾ ਹੈ। ਇਸ ਦੇ ਨਤੀਜੇ ਅਨੁਸਾਰ ਅਸੀਂ ਬਾਹਰ, ਖਾਸ ਤੌਰ ’ਤੇ ਹਲਕੀ ਹਵਾ ਚੱਲਣ ਦੀ ਸਥਿਤੀ ’ਚ ਮਾਸਕ ਪਹਿਨਣ ਦੀ ਸਿਫ਼ਾਰਿਸ਼ ਕਰਦੇ ਹਾਂ।’’ ਖੋਜਕਰਤਾਵਾਂ ਨੇ ਕਿਹਾ ਕਿ ਖੰਘਦੇ ਸਮੇਂ ਕੋਹਣੀ ਦਾ ਇਸਤੇਮਾਲ ਕਰਨਾ ਜਾਂ ਚਿਹਰਾ ਦੂਜੇ ਪਾਸੇ ਮੋੜਨ ਵਰਗੇ ਹੋਰ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਹੋਣਾ ਚਾਹੀਦਾ ਤਾਂ ਕਿ ਬਾਹਰ ਲੋਕਾਂ ਨੂੰ ਮਿਲਦੇ ਸਮੇਂ ਸੰਕਰਮਣ ਦਾ ਪ੍ਰਕੋਪ ਘੱਟ ਕੀਤਾ ਜਾ ਸਕੇ।