ਸਿੱਧੂ ਤੇ ਰਾਹੁਲ ਗਾਂਧੀ ਦੀ ਮੁਲਾਕਾਤ ਮਗਰੋਂ ਬਣੀ ਸਹਿਮਤੀ

ਚੰਡੀਗੜ੍ਹ : ਨਵਜੋਤ ਸਿੱਧੂ ਅੱਜ ਦਿੱਲੀ ’ਚ ਰਾਹੁਲ ਗਾਂਧੀ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ, ਜਿਥੇ ਨਵਜੋਤ ਸਿੱਧੂ ਦੀ ਹਾਈਕਮਾਨ ਨਾਲ ਬੈਠਕ ਹੋਈ। ਰਾਹੁਲ ਗਾਂਧੀ ਨਾਲ ਹੋਈ ਇਸ ਬੈਠਕ ’ਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅਤੇ ਕੇ. ਸੀ. ਵੇਣੂਗੋਪਾਲ ਵੀ ਮੌਜੂਦ ਸਨ। ਇਨ੍ਹਾਂ ਨੇਤਾਵਾਂ ਵਿਚਾਲੇ ਕਾਫ਼ੀ ਲੰਬੇ ਸਮੇਂ ਤਕ ਬੈਠਕ ਚੱਲੀ। ਇਸ ਬੈਠਕ ਦੌਰਾਨ ਸਿੱਧੂ ਨੇ ਹਾਈਕਮਾਨ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਬਾਰੇ ਜਾਣਕਾਰੀ ਦਿੱਤੀ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੀ ਗੱਲ ਹਾਈਕਮਾਨ ਸਾਹਮਣੇ ਰੱਖ ਦਿੱਤੀ ਹੈ। ਹੁਣ ਹਾਈਕਮਾਨ ਨੇ ਫ਼ੈਸਲਾ ਲਿਆ ਹੈ ਕਿ ਉਹ ਆਪਣੇ ਪੰਜਾਬ ਪ੍ਰਧਾਨ ਦੇ ਅਹੁਦੇ ’ਤੇ ਬਣੇ ਰਹਿਣਗੇ।
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਬੀਤੇ ਦਿਨ ਦਿੱਲੀ ਪਹੁੰਚੇ ਸਨ, ਜਿਥੇ ਸਿੱਧੂ ਨੇ ਹਰੀਸ਼ ਰਾਵਤ ਤੇ ਕੇ. ਸੀ. ਵੇਣੂਗੋਪਾਲ ਨਾਲ ਲੰਬੀ ਬੈਠਕ ਕੀਤੀ ਸੀ। ਬੈਠਕ ਤੋਂ ਬਾਅਦ ਹਰੀਸ਼ ਰਾਵਤ ਨੇ ਦੱਸਿਆ ਸੀ ਕਿ ਨਵਜੋਤ ਸਿੱਧੂ ਆਪਣੇ ਕਾਂਗਰਸ ਪ੍ਰਧਾਨ ਦੇ ਅਹੁਦੇ ’ਤੇ ਬਣੇ ਰਹਿਣਗੇ ਤੇ ਜਿਸ ਦਾ ਐਲਾਨ ਕੱਲ ਯਾਨੀ (ਅੱਜ) ਕੀਤਾ ਜਾਣਾ ਸੀ। ਇਸ ਦੌਰਾਨ ਸਿੱਧੂ ਨੇ ਕਿਹਾ ਸੀ ਕਿ ਨਵਜੋਤ ਸਿੱਧੂ ਜੋ ਵੀ ਮਸਲੇ ਹਨ, ਉਨ੍ਹਾਂ ਨੂੰ ਗੱਲਬਾਤ ਜ਼ਰੀਏ ਸੁਲਝਾ ਲਿਆ ਜਾਵੇਗਾ। ਇਸੇ ਸਿਲਸਿਲੇ ’ਚ ਅੱਜ ਦਿੱਲੀ ਹਾਈਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਰਿਹਾਇਸ਼ ’ਤੇ ਬੈਠਕ ਲਈ ਬੁਲਾਇਆ ਗਿਆ ਹੈ।