ਕੈਪਟਨ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ, ਅਰੂਸਾ ਆਲਮ ਦੀਆਂ ਤਸਵੀਰਾਂ ਸਾਂਝੀਆਂ ਕਰ ਕਹੀਆਂ ਵੱਡੀਆਂ ਗੱਲਾਂ

ਚੰਡੀਗੜ੍ਹ: ਵਿਰੋਧੀਆਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਇਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਅਰੂਸਾ ਆਲਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇਕਰ ਵੀਜ਼ਾ ਬੈਨ ਨਾ ਹੁੰਦਾ ਤਾਂ ਹੁਣ ਵੀ ਅਰੂਸਾ ਆਲਮ ਨੂੰ ਭਾਰਤ ਬੁਲਾਉਣਾ ਸੀ। ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ’ਚ ਅਰੂਸਾ ਆਲਮ ਵੱਖ-ਵੱਖ ਸ਼ਖ਼ਸੀਅਤਾਂ ਨਾਲ ਨਜ਼ਰ ਆ ਰਹੀ ਹੈ। 

ਫੇਸਬੁੱਕ ’ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਪਟਨ ਨੇ ਲਿਖਿਆ, ‘‘ਮੈਂ ਸ਼੍ਰੀਮਤੀ ਅਰੂਸਾ ਆਲਮ ਦੀਆਂ ਵੱਖ-ਵੱਖ ਪਤਵੰਤੇ ਸੱਜਣਾਂ ਨਾਲ ਤਸਵੀਰਾਂ ਦੀ ਲੜੀ ਸਾਂਝੀ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਉਹ ਸਾਰੇ ਵੀ ਆਈ.ਐੱਸ.ਆਈ. ਦੇ ਏਜੰਟ ਹਨ। ਅਜਿਹਾ ਕਹਿਣ ਵਾਲਿਆਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਇਹ ਸਭ ਸਿਰਫ਼ ਤੰਗ ਮਾਨਸਿਕਤਾ ਦਾ ਪ੍ਰਗਟਾਵਾ ਹੈ।” 

ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ’ਚ ਅਰੂਸਾ ਆਲਮ ਸੋਨੀਆ ਗਾਂਧੀ, ਸੁਸ਼ਮਾ ਸਵਰਾਜ, ਮੁਲਾਇਮ ਸਿੰਘ ਯਾਦਵ, ਅਸ਼ਵਨੀ ਕੁਮਾਰ ਸ਼ਰਮਾ, ਯਸ਼ਵੰਤ ਸਿਨਹਾ, ਅਭਿਨੇਤਾ ਅਤੇ ਭਾਜਪਾ ਆਗੂ ਸ਼ਤਰੁਘਨ ਸਿਨਹਾ ਆਦਿ ਨਾਲ ਅਰੂਸਾ ਆਲਮ ਨਜ਼ਰ ਆ ਰਹੀ ਹੈ। 

 ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਰੂਸਾ ਆਲਮ ਨੂੰ ਲੈ ਕੇ ਸੁੱਖੀ ਰੰਧਾਵਾ ਵੱਲੋਂ ਸਵਾਲ ਚੁਕਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੂਸਾ ਆਲਮ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਹੱਥ ਮਿਲਾਉਂਦੇ ਅਰੂਸਾ ਆਲਮ ਦੀ ਇਕ ਤਸਵੀਰ ਸ਼ੇਅਰ ਕੀਤੀ ਗਈ ਸੀ। ਇਸ ਤਸਵੀਰ ’ਤੇ ਕੈਪਟਨ ਨੇ ਕੋਈ ਟਿੱਪਣੀ ਨਹੀਂ ਕੀਤੀ ਸੀ। ਸਿਰਫ਼ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਾਂਗਰਸ ਦੇ ਅਧਿਕਾਰਿਕ ਟਵਿੱਟਰ ਹੈਂਡਲ ਨੂੰ ਟੈਗ ਕਰਦੇ ਹੋਏ ਲਿਖਿਆ ਕਿ ‘ਉਂਝ ਹੀ’।

ਇਸ ਦੇ ਇਲਾਵਾ ਕੈਪਟਨ ਨੇ ਸੁਖਜਿੰਦਰ ਸਿੰਘ ਰੰਧਾਵਾ ਕੀਤੇ ਗਏ ਟਵੀਟਾਂ ਦਾ ਵੀ ਵਿਸਥਾਰਪੂਰਵਕ ਜਵਾਬ ਦਿੱਤਾ ਸੀ। ਰੰਧਾਵਾ ਵੱਲੋਂ ਅਰੂਸਾ ਆਲਮ ਦੇ ਆਈ. ਐੱਸ. ਆਈ. ਲਿੰਕ ਦੀ ਜਾਂਚ ’ਤੇ ਕੈਪਟਨ ਦੇ ਪ੍ਰੇਸ਼ਾਨ ਹੋਣ ਨੂੰ ਲੈ ਕੇ ਕਸੇ ਗਏ ਤੰਜ਼ ਦਾ ਜਵਾਬ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ ਇਨੇ ਸਾਲਾਂ ਵਿਚ ਕੀ ਸੁਖਜਿੰਦਰ ਰੰਧਾਵਾ ਤੂੰ ਕਦੇ ਮੈਨੂੰ ਕਿਸੇ ਮੁੱਦੇ ’ਤੇ ਪ੍ਰੇਸ਼ਾਨ ਹੁੰਦੇ ਵੇਖਿਆ ਹੈ? ਅਸਲ ਵਿਚ, ਤੁਹਾਡੀ ਹਰਕਤਾਂ ਤੋਂ ਸਾਫ਼ ਹੋ ਰਿਹਾ ਹੈ ਕਿ ਤੁਸੀਂ ਜ਼ਿਆਦਾ ਪ੍ਰੇਸ਼ਾਨ ਅਤੇ ਭ੍ਰਮਿਤ ਹੋ। ਤੁਸੀਂ ਅਰੂਸਾ ਆਲਮ ਖਿਲਾਫ ਇਸ ਕਥਿਤ ਜਾਂਚ ’ਤੇ ਆਪਣਾ ਮਨ ਕਿਉਂ ਨਹੀਂ ਬਣਾਉਂਦੇ?

Leave a Reply

Your email address will not be published. Required fields are marked *