ਗੁਰੂਧਾਮਾਂ ’ਤੇ ਸਰਕਾਰ ਦਾ ਕਬਜ਼ਾ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ : ਸਿਰਸਾ

ਜਲੰਧਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੋਸ਼ ਲਾਇਆ ਕਿ ਪਰਮਜੀਤ ਸਿੰਘ ਸਰਨਾ ਵੱਲੋਂ ਗੁਰਦੁਆਰਾ ਪ੍ਰਬੰਧਾਂ ’ਤੇ ਸਰਕਾਰ ਦਾ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਨਰੈਣੂ ਮਹੰਤਾਂ ਦੇ ਬਰਾਬਰ ਦਾ ਯਤਨ ਹੈ। ਉਹ ਇਥੇ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਕਰਵਾਏ ਕੌਮ ਦੀ ਚੜ੍ਹਦੀਕਲਾ ਅਤੇ ਪੰਥਕ ਹਿੱਤਾਂ ਲਈ ਸੰਗਤੀ ਵਿਚਾਰਾਂ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਸਿਰਸਾ ਨੇ ਇਸ ਪ੍ਰੋਗਰਾਮ ਵਿਚ ਪਰਮਜੀਤ ਸਿੰਘ ਸਰਨਾ ਵੱਲੋਂ ਸਰਕਾਰ ਨੂੰ ਲਿਖੀ ਚਿੱਠੀ ਪੜ੍ਹ ਕੇ ਸੁਣਾਈ ਜਿਸ ਵਿਚ ਸਰਨਾ ਨੇ ਸਰਕਾਰ ਨੂੰ ਗੁਰਦੁਆਰਾ ਪ੍ਰਬੰਧ ਆਪਣੇ ਅਧੀਨ ਲੈਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਅਨੇਕਾਂ ਸ਼ਹਾਦਤਾਂ ਦੇ ਕੇ ਅਤੇ ਹਜ਼ਾਰਾਂ ਸਿੱਖਾਂ ਨੇ ਜੇਲਾਂ ਕੱਟ ਕੇ ਗੁਰਦੁਆਰਾ ਪ੍ਰਬੰਧਾਂ ਵਿਚੋਂ ਨਰੈਣੂ ਮਹੰਤਾਂ ਦਾ ਕਬਜ਼ਾ ਖਤਮ ਕਰਵਾਇਆ ਤੇ ਸਰਨਾ ਮੁੜ ਤੋਂ ਗੁਰਧਾਮਾਂ ਅਤੇ ਗੁਰਦੁਆਰਾ ਪ੍ਰਬੰਧ ’ਤੇ ਸਰਕਾਰਾਂ ਦਾ ਕਬਜ਼ਾ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਸਪਸ਼ਟ ਚੇਤਾਵਨੀ ਦਿੱਤੀ ਕਿ ਸਿੱਖ ਕੌਮ ਕੋਈ ਵੀ ਸ਼ਹਾਦਤ ਦੇਣ ਲਈ ਤਿਆਰ ਹੈ ਪਰ ਗੁਰਧਾਮਾਂ ’ਤੇ ਸਰਕਾਰ ਦਾ ਕਬਜ਼ਾ ਕਿਸੇ ਵੀ ਸੂਰਤ ਵਿਚ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਤੀਜੀ ਵਾਰ ਮੌਜੂਦਾ ਟੀਮ ਨੂੰ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵਾਰ-ਵਾਰ ਆਖਿਆ ਜਾ ਰਿਹਾ ਸੀ ਕਿ ਕਿਸਾਨਾਂ ਦੀ ਸੇਵਾ ਨਾ ਕਰੋ, ਸਿੱਖਾਂ ਦੇ ਮਸਲੇ ਨਾ ਚੁੱਕੋ ਤੇ ਦੇਸ਼ਾਂ-ਵਿਦੇਸ਼ਾਂ ਵਿਚ ਸਿੱਖਾਂ ਦੀ ਮਦਦ ਲਈ ਨਾ ਨਿੱਤਰੋ ਪਰ ਅਸੀਂ ਸਪਸ਼ਟ ਕਰ ਦਿੱਤਾ ਕਿ ਅਸੀਂ ਗੁਰੂ ਦੇ ਸਿੱਖ ਹਾਂ ਕਿਸੇ ਵੀ ਕੀਮਤ ’ਤੇ ਪਿੱਛੇ ਨਹੀਂ ਹਟਾਂਗੇ।
ਇਸ ਮੌਕੇ ਸਿਰਸਾ ਨੇ ਤਿੰਨ ਮਤੇ ਵੀ ਪੇਸ਼ ਕੀਤੇ ਜਿਨ੍ਹਾਂ ਨੂੰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪਾਸ ਕੀਤਾ। ਇਨ੍ਹਾਂ ਮਤਿਆਂ ਵਿਚ ਇਕ ਮਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਦਿੱਲੀ ਕਮੇਟੀ ਤੇ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਅਪੀਲ ’ਤੇ ਸਰਕਾਰਾਂ ਨੂੰ ਸਿੱਖ ਗੁਰਧਾਮਾਂ ਦੇ ਪ੍ਰਬੰਧਾਂ ਵਿਚ ਦਖਲ ਕਰਨ ਵਿਰੁੱਧ ਦਿੱਤੀ ਚੇਤਾਵਨੀ ਦੇ ਧੰਨਵਾਦ ਦਾ ਮਤਾ ਸੀ। ਦੂਜੇ ਮਤੇ ਰਾਹੀਂ ਦਿੱਲੀ ਕਮੇਟੀ ਨੇ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਿੱਖ ਕੌਮ ਕਿਸੇ ਵੀ ਸੂਰਤ ਵਿਚ ਗੁਰੂ ਘਰਾਂ ਅਤੇ ਗੁਰਦੁਆਰਾ ਪ੍ਰਬੰਧਾਂ ਵਿਚ ਸਰਕਾਰ ਦਾ ਦਖਲ ਬਰਦਾਸ਼ਤ ਨਹੀਂ ਕਰੇਗੀ। ਤੀਜੇ ਮਤੇ ਰਾਹੀਂ ਸੰਗਤਾਂ ਨੇ ਕਿਸਾਨਾਂ ਤੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਦਰਸ਼ਨ ਸਿੰਘ ਧਾਲੀਵਾਲ ਨੂੰ ਭਾਰਤ ਅੰਦਰ ਦਾਖਲ ਹੋਣ ਤੋਂ ਰੋਕਣ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਨੂੰ ਤੁਰੰਤ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਦੌਰਾਨ ਸੰਬੋਧਨ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸੰਗਤਾਂ ਨੇ ਨੌਜਵਾਨਾਂ ਦੀ ਟੀਮ ਜਿਤਾ ਕੇ ਕੀਤੇ ਕੰਮਾਂ ’ਤੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੇ ਵਿਰੋਧੀਆਂ ਨੇ ਜਿੰਨਾ ਮਰਜ਼ੀ ਕੂੜ ਪ੍ਰਚਾਰ ਕੀਤਾ ਤੇ ਸਾਡੇ ਖਿਲਾਫ ਸਰਕਾਰਾਂ ਦਾ ਸਹਾਰਾ ਲਿਆ।