ਦੀਵਾਲੀ ਹੀ ਨਹੀਂ, ਹੋਲੀ ਵੀ ਸੜਕਾਂ ’ਤੇ ਹੀ ਮਨਾਵਾਂਗੇ: ਰਾਕੇਸ਼ ਟਿਕੈਤ

ਮੇਰਠ: ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਨੂੰ ਖ਼ਾਰਜ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਜਿੱਦ ’ਤੇ ਅੜੀ ਹੈ ਤਾਂ ਕਿਸਾਨ ਵੀ ਆਪਣੀ ਮੰਗ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦੀਵਾਲੀ ਹੀ ਨਹੀਂ ਹੋਲੀ ਵੀ ਸੜਕਾਂ ’ਤੇ ਮਨਾਵਾਂਗੇ। ਟਿਕੈਤ ਨੇ ਇੱਥੇ ਸਥਿਤ ਪੱਛਮੀ ਯੂ. ਪੀ. ਟੋਲ ਪਲਾਜ਼ਾ ਕੋਲ ਇਕ ਹਸਪਤਾਲ ’ਚ ਦਾਖ਼ਲ ਕਿਸਾਨ ਯੂਨੀਅਨ ਦੇ ਇਕ ਅਹੁਦਾ ਅਧਿਕਾਰੀ ਦਾ ਹਾਲ-ਚਾਲ ਪੁੱਛਣ ਆਏ ਸਨ। 

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ’ਚ ਉਨ੍ਹਾਂ ਨੇ ਸਰਕਾਰ ’ਤੇ ਕਿਸਾਨ ਵਿਰੋਧੀ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਹ ਸਰਕਾਰ ਪੂੰਜੀਪਤੀਆਂ ਅਤੇ ਉਦਯੋਗਪਤੀਆਂ ਦੇ ਲਾਭ ਲਈ ਕੰਮ ਕਰ ਰਹੀ ਹੈ। ਟਿਕੈਤ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨਾਂ ’ਤੇ ਜੇਕਰ ਸਰਕਾਰ ਜਿੱਦੀ ਹੈ ਤਾਂ ਕਿਸਾਨ ਵੀ ਆਪਣੀ ਜਿੱਦ ਤੋਂ ਪਿੱਛੇ ਨਹੀਂ ਹਟ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਜੇਕਰ ਜ਼ਰਾ ਵੀ ਚਿੰਤਾ ਹੁੰਦੀ ਤਾਂ ਹੁਣ ਤੱਕ ਇਹ ਕਾਨੂੰਨ ਵਾਪਸ ਲੈ ਲਏ ਗਏ ਹੁੰਦੇ। ਟਿਕੈਤ ਨੇ ਦੁੱਖ਼ ਜ਼ਾਹਰ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਆਪਣਾ ਘਰ-ਬਾਰ ਛੱਡ ਕੇ ਸੜਕਾਂ ’ਤੇ 11 ਮਹੀਨੇ ਤੋਂ ਵੱਧ ਬੀਤ ਚੁੱਕੇ ਹਨ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕਦੀ। ਉਨ੍ਹਾਂ ਨੇ ਕਿਹਾ ਕਿ ਹੁਣ ਤਾਂ ਕਿਸਾਨਾਂ ਨੇ ਦੀਵਾਲੀ ਹੀ ਨਹੀਂ ਹੋਲੀ ਵੀ ਸੜਕਾਂ ’ਤੇ ਹੀ ਮਨਾਉਣ ਦਾ ਮਨ ਬਣਾ ਲਿਆ ਹੈ। ਟਿਕੈਤ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਜੇ. ਸੀ. ਬੀ. ਦੀ ਮਦਦ ਨਾਲ ਇੱਥੇ ਲੱਗੇ ਟੈਂਟਾਂ ਨੂੰ ਉਖਾੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਪ੍ਰਸ਼ਾਸਨ ਇੱਥੇ ਟੈਂਟ ਉਖਾੜੇਗਾ ਤਾਂ ਕਿਸਾਨ ਸਰਕਾਰੀ ਦਫ਼ਤਰਾਂ ਦੇ ਬਾਹਰ ਟੈਂਟ ਲੱਗਾ ਲੈਣਗੇ। 

ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਪਿਛਲੇ ਸਾਲ 26 ਨਵੰਬਰ ਤੋਂ ਦਿੱਲੀ ਦੇ ਗਾਜ਼ੀਪੁਰ, ਟਿਕਰੀ ਅਤੇ ਸਿੰਘੂ ਬਾਰਡਰ ’ਤੇ ਬੈਠੇ ਹਨ। ਕਿਸਾਨ ਦਿੱਲੀ ਵੱਲ ਕੂਚ ਨਾ ਕਰ ਸਕਣਗੇ, ਇਸ ਕਾਰਨ ਦਿੱਲੀ ਪੁਲਸ ਵਲੋਂ ਇੱਥੇ ਬੈਰੀਕੇਡਜ਼ ਲਾਏ ਗਏ ਸਨ। ਹਾਲਾਂਕਿ ਕਿਸਾਨੀ ਮੁੱਦੇ ਨੂੰ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਾਲੇ ਕਈ ਦੌਰ ਦੀ ਬੈਠਕ ਹੋ ਚੁੱਕੀ ਹੈ ਪਰ ਕਿਸੇ ਨਤੀਜੇ ਤੱਕ ਨਹੀਂ ਪਹੁੰਚ ਸਕੀ।

Leave a Reply

Your email address will not be published. Required fields are marked *