ਮੋਦੀ ਦੀ ਰੈਲੀ ’ਚ ਧਮਾਕਿਆਂ ਦੇ 4 ਦੋਸ਼ੀਆਂ ਨੂੰ ਫਾਂਸੀ, 2 ਨੂੰ ਉਮਰ ਕੈਦ

ਪਟਨਾ : ਅੱਠ ਸਾਲ ਪਹਿਲਾਂ ਪਟਨਾ ਦੇ ਗਾਂਧੀ ਮੈਦਾਨ ਵਿਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਐੱਨਆੀਏ ਕੋਰਟ ਨੇ ਸੋਮਵਾਰ ਨੂੰ 9 ਦੋਸ਼ੀਆਂ ਚਾਰ ਨੂੰ ਫਾਂਸੀ ਅਤੇ ਦੋ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਅਦਾਲਤ ਨੇ ਦੋ ਦੋਸ਼ੀਆਂ ਨੂੰ 10 ਸਾਲ, ਜਦੋਂ ਕਿ ਇੱਕ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਦੋਸ਼ੀ ਠਹਿਰਾਏ ਗਏ ਹੈਦਰ ਅਲੀ, ਨੋਮਾਨ ਅੰਸਾਰੀ, ਮੋ. ਮੁਜੀਬੁੱਲ੍ਹਾ ਅੰਸਾਰੀ ਅਤੇ ਇਮਤਿਆਜ਼ ਆਲਮ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਮਰ ਸਿੱਦੀਕੀ ਤੇ ਅਜ਼ਹਰੂਦੀਨ ਕੁਰੈਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਅਹਿਮਦ ਹੁਸੈਨ ਅਤੇ ਮੋ. ਫਿਰੋਜ਼ ਅਸਲਮ ਨੂੰ ਦਸ-ਦਸ ਸਾਲ ਅਤੇ ਇਫ਼ਤਿਖਾਰ ਆਲਮ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ।27 ਅਕਤੂਬਰ ਨੂੰ ਐਨਆਈਏ ਅਦਾਲਤ ਨੇ ਇਸ ਮਾਮਲੇ ਵਿੱਚ ਦਸ ਵਿੱਚੋਂ ਨੌਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਦੋਂਕਿ ਇੱਕ ਮੁਲਜ਼ਮ ਨੂੰ ਬਰੀ ਕਰ ਦਿੱਤਾ ਸੀ। ਦੱਸ ਦਈਏ ਕਿ 27 ਅਕਤੂਬਰ 2013 ਨੂੰ ਪਟਨਾ ਦੇ ਗਾਂਧੀ ਮੈਦਾਨ ‘ਚ ਹੋਈ ਹੁੰਕਾਰ ਰੈਲੀ ‘ਚ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਤਤਕਾਲੀ ਉਮੀਦਵਾਰ ਨਰਿੰਦਰ ਮੋਦੀ ਵੀ ਮੌਜੂਦ ਸਨ। ਇਸ ਦੌਰਾਨ ਇਕ ਤੋਂ ਬਾਅਦ ਇਕ ਬੰਬ ਧਮਾਕੇ ਹੁੰਦੇ ਰਹੇ। ਇਸ ਤੋਂ ਪਹਿਲਾਂ ਪਟਨਾ ਜੰਕਸ਼ਨ ‘ਤੇ ਹੋਏ ਧਮਾਕੇ ‘ਚ 6 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 89 ਦੇ ਕਰੀਬ ਜ਼ਖਮੀ ਹੋਏ ਸਨ।