ਦਿੱਲੀ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖ਼ਿਲਾਫ ਸੜਕ ’ਤੇ ਉਤਰੀ ਭਾਜਪਾ, ਕੇਜਰੀਵਾਲ ਦੇ ਘਰ ਕੋਲ ਦਿੱਤਾ ਧਰਨਾ

ਨਵੀਂ ਦਿੱਲੀ : ਭਾਜਪਾ ਪਾਰਟੀ ਦੀ ਦਿੱਲੀ ਇਕਾਈ ਨੇ ਸ਼ਨੀਵਾਰ ਨੂੰ ਇੱਥੇ ਫਲੈਗ ਸਟਾਫ਼ ਰੋਡ ’ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਕੋਲ ਧਰਨਾ ਦਿੱਤਾ। ਇਹ ਧਰਨਾ ਪ੍ਰਦਰਸ਼ਨ ਪੈਟਰੋਲ ਅਤੇ ਡੀਜ਼ਲ ’ਤੇ ਮੁੱਲ ਜੋੜ ਟੈਕਸ (ਵੈਟ) ’ਚ ਕਟੌਤੀ ਦੀ ਮੰਗ ਲਈ ਕੀਤਾ ਗਿਆ। ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਕੇਜਰੀਵਾਲ ਪੈਟਰੋਲ ਅਤੇ ਡੀਜ਼ਲ ’ਤੇ ਵੈਟ ’ਚ ਕਟੌਤੀ ਨਹੀਂ ਕਰਦੇ, ਪਾਰਟੀ ਵਰਕਰ ਅੰਦੋਲਨ ਜਾਰੀ ਰੱਖਣਗੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਸਰਕਾਰ ਨੂੰ ਆਮ ਆਦਮੀ ਦੀ ਫਿਕਰ ਨਹੀਂ ਹੈ ਅਤੇ ਇਸ ਵਜ੍ਹਾ ਕਰ ਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਕੋਈ ਧਿਆਨ ਨਹੀਂ ਦੇ ਰਹੀ।
ਗੁਪਤਾ ਨੇ ਕਿਹਾ ਕਿ ਹੁਣ ਭਾਜਪਾ ਸ਼ਾਸਿਤ ਸੂਬਿਆਂ ਅਤੇ ਆਮ ਆਦਮੀ ਪਾਰਟੀ ਦੇ ਸ਼ਾਸਨ ਵਾਲੀ ਦਿੱਲੀ ਵਿਚਾਲੇ ਵੱਡਾ ਅੰਤਰ ਹੈ। ਉਨ੍ਹਾਂ ਨੇ ਕਿਹਾ ਕੇਜਰੀਵਾਲ ਸਰਕਾਰ ਨੂੰ ਹੁਣ ਬਿਨਾਂ ਦੇਰੀ ਦੇ ਪੈਟਰੋਲ ਅਤੇ ਡੀਜ਼ਲ ’ਤੇ ਵੈਟ ’ਚ ਕਮੀ ਦਾ ਐਲਾਨ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਪੈਟਰੋਲ ’ਤੇ ਉਤਪਾਦ ਫ਼ੀਸ 5 ਰੁਪਏ ਲਿਟਰ ਅਤੇ ਡੀਜ਼ਲ ’ਤੇ 10 ਰੁਪਏ ਪ੍ਰਤੀ ਲਿਟਰ ਘੱਟ ਕਰਨ ਦਾ ਐਲਾਨ ਕੀਤਾ ਸੀ। ਦਿੱਲੀ ਵਿਚ ਇਸ ਸਮੇਂ ਪੈਟਰੋਲ ਦੀ ਕੀਮਤ 103.97 ਰੁਪਏ ਪ੍ਰਤੀ ਲਿਟਰ ਹੈ।