ਤਿਹਾੜ ਜੇਲ੍ਹ ਦੀ ਹਾਲਤ ਮਾੜੀ, ਜੇਲ੍ਹ ਵਿੱਚ ਹੋ ਰਹੇ ਹਨ ਕਤਲ: ਸੁਪਰੀਮ ਕੋਰਟ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਤਿਹਾੜ ਜੇਲ੍ਹ ਦੀ ਹਾਲਤ ਬਹੁਤ ਮਾੜੀ ਹੈ। ਜੇਲ੍ਹ ਅਪਰਾਧੀਆਂ ਦਾ ਅੱਡਾ ਬਣ ਗਈ ਹੈ ਤੇ ਉਥੇ ਕਤਲ ਹੋ ਰਹੇ ਹਨ। ਅਦਾਲਤ ਨੇ ਗ੍ਰਹਿ ਮੰਤਰਾਲੇ ਨੂੰ ਜੇਲ੍ਹ ਸੁਧਾਰਾਂ ਸਬੰਧੀ ਫੌਰੀ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ। ਸਿਖਰਲੀ ਅਦਾਲਤ ਨੇ ਦਿੱਲੀ ਪੁਲੀਸ ਕਮਿਸ਼ਨਰ ਰਾਕੇਸ਼ ਅਸਥਾਨਾ ਵੱਲੋਂ ਦਿੱਤੇ ਸੁਝਾਵਾਂ ’ਤੇ ਕੀਤੀ ਕਾਰਵਾਈ ਅਤੇ ਰਿਪੋਰਟ ਦਾਖਲ ਨਾ ਕਰਨ ’ਤੇ ਗ੍ਰਹਿ ਮੰਤਰਾਲੇ ਦੇ ਰਵੱਈਏ ’ਤੇ ਨਾਰਾਜ਼ਗੀ ਜ਼ਾਹਰ ਕੀਤੀ। ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਐਮ ਆਰ ਸ਼ਾਹ ਦੀ ਬੈਂਚ ਨੇ ਕਿਹਾ ਕਿ ਅਸਥਾਨਾ ਦੀ ਰਿਪੋਰਟ ਵਿੱਚ ਜੇਲ੍ਹ ਵਿੱਚ ਸੀਸੀਟੀਵੀ ਕੈਮਰੇ, ਮੋਬਾਈਲ ਜੈਮਰ, ਬੌਡੀ ਸਕੈਨਰ ਲਗਾਉਣ ਅਤੇ ਹੋਰਨਾਂ ਸੁਰੱਖਿਆ ਉਪਕਰਨਾਂ ਦੀ ਸਿਫਾਰਸ਼ ਕੀਤੀ ਗਈ ਹੈ ਪਰ ਛੇ ਅਕਤੂਬਰ ਦੇ ਹੁਕਮਾਂ ਦੀ ਪਾਲਣਾ ਬਾਰੇ ਅਦਾਲਤ ਸਾਹਮਣੇ ਗ੍ਰਹਿ ਮੰਤਰਾਲੇ ਵੱਲੋਂ ਕੋਈ ਰਿਪੋਰਟ ਨਹੀਂ ਰੱਖੀ ਗਈ। ਬੈਂਚ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਸਬੰਧਤ ਸਕੱਤਰ ਨੂੰ ਤਿੰਨ ਹਫਤਿਆਂ ਵਿੱਚ ਇਕ ਕਾਰਜ ਯੋਜਨਾ ਅਤੇ ਰਿਪੋਰਟ ਦਾਖਲ ਕਰਨੀ ਹੋਵੇਗੀ।

Leave a Reply

Your email address will not be published. Required fields are marked *