ਅਕਾਲੀ ਦਲ ਦੇ ਉਮੀਦਵਾਰ ਨੋਨੀ ਮਾਨ ਖ਼ਿਲਾਫ਼ ਐੱਫ.ਆਈ.ਆਰ. ਦਰਜ

ਫ਼ਿਰੋਜ਼ਪੁਰ: ਗੁਰੂਹਰਸਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ’ਤੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਥਾਣਾ ਸਿਟੀ ’ਚ ਵਰਦੇਵ ਸਿੰਘ ਨੋਨੀ ਮਾਨ ਤੇ ਉਨ੍ਹਾਂ ਦੇ ਡਰਾਈਵਰ ’ਤੇ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ FIR ਦਰਜ ਕੀਤੀ ਹੈ। ਪੁਲਸ ਨੇ ਕਿਸਾਨ ਆਗੂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਦੇ ਇਕ ਦਿਨਾਂ ਦੌਰੇ ‘ਤੇ ਵੱਖ-ਵੱਖ ਪ੍ਰੋਗਰਾਮਾਂ ’ਚ ਸ਼ਾਮਲ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਆਗਮਨ ’ਤੇ ਬੁੱਧਵਾਰ ਨੂੰ ਹਲਾਤ ਉਸ ਵੇਲੇ ਕਾਬੂ ਤੋਂ ਬਾਹਰ ਹੁੰਦੇ ਨਜ਼ਰ ਆਏ ਜਦੋਂ ਸਥਾਨਕ ਮਖੂ ਗੇਟ ਸਥਿਤ ‘ਬਲਾਈਂਡ ਹੋਮ’ ਦੇ ਬਾਹਰ ਇਕ ਪਾਸੇ ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਅਤੇ ਦੂਜੇ ਪਾਸੇ ਵੱਡੀ ਗਿਣਤੀ ਵਿਚ ਕਾਂਗਰਸੀਆਂ ਨੇ ਹਰਸਿਮਰਤ ਕੌਰ ਨੂੰ ਕਾਲੇ ਝੰਡੇ ਵਿਖਾਉਣੇ ਸ਼ੁਰੂ ਕੀਤੇ। ਇੰਨਾ ਹੀ ਨਹੀਂ ਜਦੋਂ ਹਰਸਿਮਰਤ ਕੌਰ ਬਾਦਲ ਸਥਾਨਕ ਬਲਾਈਂਡ ਹੋਮ ‘ਚ ਪ੍ਰੋਗਰਾਮ ਖ਼ਤਮ ਕਰ ਕੇ ਜਾ ਰਹੇ ਸਨ ਤਾਂ ਕਾਫ਼ਲੇ ਦੇ ਪਿੱਛੇ ਆ ਰਹੀ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਤੇ ਹਲਕਾ ਦਿਹਾਤੀ ਤੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੀ ਗੱਡੀ ਨੂੰ ਘੇਰ ਕੇ ਕਿਸਾਨ ਕਾਰਕੁਨਾਂ ਨੇ ਭੰਨ ਤੋੜ ਕੀਤੀ। ਇਸ ਦੌਰਾਨ ਗੋਲੀਆਂ ਵੀ ਚੱਲੀਆਂ ਪਰ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਮਿਲੀ ਸੀ।

Leave a Reply

Your email address will not be published. Required fields are marked *