ਕੇਰਲ ਵਿੱਚ ਨੋਰੋਵਾਇਰਸ ਦੀ ਪੁਸ਼ਟੀ, ਹਾਈ ਅਲਰਟ ਜਾਰੀ

ਰਮ: ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਸੂਬੇ ਵਿੱਚ ਨੋਰੋਵਾਇਰਸ ਦੀ ਪੁਸ਼ਟੀ ਹੋਣ ਬਾਅਦ ਹਾਈ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਦੋ ਹਫ਼ਤੇ ਪਹਿਲਾਂ ਰਾਜ ਦੇ ਵਾਇਨਾਡ ਜ਼ਿਲ੍ਹੇ ਦੇ ਪੁਕੋਡੇ ਵਿੱਚ ਇੱਕ ਵੈਟਰਨਰੀ ਕਾਲਜ ਦੇ 13 ਵਿਦਿਆਰਥੀਆਂ ਵਿੱਚ ਦੁਰਲੱਭ ਨੋਰੋਵਾਇਰਸ ਦੀ ਪੁਸ਼ਟੀ ਹੋਈ ਸੀ। ਕੇਂਦਰੀ ਸਿਹਤ ਵਿਭਾਗ ਨੇ ਇਸ ਸਬੰਧੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਇਹ ਵਾਇਰਸ ਬੱਚਿਆਂ ਅਤੇ ਬਜ਼ੁਰਗਾਂ ਲਈ ਬਹੁਤ ਖਤਰਨਾਕ ਹੈ। ਇਸ ਉਪਰੰਤ ਸਿਹਤ ਮੰਤਰੀ ਵੀਨਾ ਜਾਰਜ ਨੇ ਸ਼ੁੱਕਰਵਾਰ ਨੂੰ ਡਾਕਟਰਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਲੋਕਾਂ ਨੂੰ ਚੌਕਸ ਰਹਿਣ ਦਾ ਸੱਦਾ ਦਿੱਤਾ। ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਇਸ ਬਿਮਾਰੀ ਪ੍ਰਤੀ ਵਧੇਰੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਖਾਣਾ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋਣੇ ਚਾਹੀਦੇ ਹਨ। ਨੋਰੋਵਾਇਰਸ ਜਿਸ ਨੂੰ ‘ਵਿੰਟਰ ਵੌਮਿਟਿੰਗ ਬੱਗ’ ਵੀ ਕਿਹਾ ਜਾਂਦਾ ਹੈ ਲਾਗ ਦਾ ਰੋਗ ਹੈ। ਇਹ ਲੋਕਾਂ ਵਿੱਚ ਆਸਾਨੀ ਨਾਲ ਫੈਲਦਾ ਹੈ ਜਿਸ ਨਾਲ ਦਸਤ, ਉਲਟੀਆਂ ਅਤੇ ਪੇਟ ਦਰਦ ਹੁੰਦਾ ਹੈ।