ਸ਼ੋਪੀਆਂ ਮੁਕਾਬਲੇ ’ਚ ਪੰਜ ਖਾੜਕੂ ਹਲਾਕ

ਸ੍ਰੀਨਗਰ : ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਅੱਜ ਹੋਏ ਮੁਕਾਬਲੇ ਵਿਚ ਪੰਜ ਖਾੜਕੂ ਮਾਰੇ ਗਏ ਹਨ। ਪਿਛਲੇ ਚਾਰ ਦਿਨਾਂ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿਚ ਕਰੀਬ 14 ਖਾੜਕੂ ਮਾਰੇ ਜਾ ਚੁੱਕੇ ਹਨ। ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਸੁਗੂ ਇਲਾਕੇ ਵਿਚ ਸੁਰੱਖਿਆ ਬਲਾਂ ਨੇ ਸਵੇਰੇ ਖਾੜਕੂਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਮੁਹਿੰਮ ਆਰੰਭੀ।
ਪੁਲੀਸ ਮੁਤਾਬਕ ਇਸ ਦੌਰਾਨ ਇਲਾਕੇ ਨੂੰ ਘੇਰਾ ਪਾਇਆ ਗਿਆ ਤੇ ਖਾੜਕੂਆਂ ਵੱਲੋਂ ਕਥਿੱਤ ਤੌਰ ’ਤੇ ਖੋਜੀ ਪਾਰਟੀ ਉਤੇ ਗੋਲੀ ਚਲਾਉਣ ਮਗਰੋਂ ਮੁਕਾਬਲਾ ਆਰੰਭ ਹੋ ਗਿਆ। ਗੋਲੀਬਾਰੀ ਦੇ ਸ਼ੁਰੂਆਤੀ ਦੌਰ ਵਿਚ ਹੀ ਦੋ ਅਤਿਵਾਦੀ ਮਾਰੇ ਗਏ ਜਦਕਿ ਬਾਕੀ ਤਿੰਨ ਕੁਝ ਦੇਰ ਬਾਅਦ ਮਾਰੇ ਗਏ। ਸ਼ੋਪੀਆਂ ਵਿਚ ਚਾਰ ਦਿਨਾਂ ਦੌਰਾਨ ਇਹ ਤੀਜਾ ਵੱਡਾ ਮੁਕਾਬਲਾ ਹੈ। ਹੁਣ ਤੱਕ ਹਿਜ਼ਬੁਲ ਮੁਜਾਹਿਦੀਨ ਦੇ ਇਕ ਕਮਾਂਡਰ ਸਣੇ ਨੌਂ ਦਹਿਸ਼ਤਗਰਦ ਮਾਰੇ ਜਾ ਚੁੱਕੇ ਹਨ।