ਕਮਰੇ ਨੂੰ ‘ਗੈਸ ਚੈਂਬਰ’ ’ਚ ਤਬਦੀਲ ਕਰਕੇ ਮਾਂ ਨੇ ਦੋ ਧੀਆਂ ਸਣੇ ਖ਼ੁਦਕੁਸ਼ੀ ਕੀਤੀ

ਨਵੀਂ ਦਿੱਲੀ: ਖ਼ੁਦਕੁਸ਼ੀ ਕਰਨ ਦੇ ਹੈਰਾਨ ਕਰਨ ਵਾਲੇ ਮਾਮਲੇ ਵਿੱਚ 50 ਸਾਲਾਂ ਦੀ ਔਰਤ ਤੇ ਉਸ ਦੀਆਂ ਦੋ ਧੀਆਂ ਨੇ ਆਪਣੇ ਦੱਖਣੀ ਦਿੱਲੀ ਸਥਿਤ ਫਲੈਟ ਨੂੰ ‘ਗੈਸ ਚੈਂਬਰ ਵਿੱਚ ਤਬਦੀਲ ਕਰ ਲਿਆ। ਸੂਚਨਾ ਮਿਲਣ ’ਤੇ ਵਸੰਤ ਵਿਹਾਰ ਦੇ ਇਸ ਫਲੈਟ ਵਿੱਚ ਪਹੁੰਚੀ ਦਿੱਲੀ ਪੁਲੀਸ ਨੇ ਮਾਂ ਮੰਜੂ ਤੇ ਉਸ ਦੀਆਂ ਦੋ ਧੀਆਂ ਅੰਸ਼ਿਕਾ ਤੇ ਅੰਕੂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਇਸ ਖ਼ੁਦਕੁਸ਼ੀ ਦੇ ਤਰੀਕੇ ਬਾਰੇ ਦਿੱਲੀ ਪੁਲੀਸ ਨੂੰ ਫਲੈਟ ਵਿੱਚੋਂ ਮਿਲੇ ‘ਖ਼ੁਦਕੁਸ਼ੀ ਨੋਟ’ ਨੂੰ ਪੜ੍ਹ ਕੇ ਕੰਬਣੀ ਛਿੜ ਜਾਂਦੀ ਹੈ। ਪੁਲੀਸ ਮੁਤਾਬਕ ਸਾਰੇ ਦਰਵਾਜ਼ੇ, ਖਿੜਕੀਆਂ ਤੇ ਵੈਂਟੀਲੇਟਰ ਪੋਲੀਥੀਨ ਨਾਲ ਭਰੇ ਹੋਏ ਸਨ, ਰਸੋਈ ਗੈਸ ਸਿਲੰਡਰ ਚਾਲੂ ਕੀਤੀ ਗਈ ਸੀ ਤੇ ਕੋਲੇ ਦੀ ਅੰਗੀਠੀ ਬਲ ਰਹੀ ਸੀ। ਇਸ ਕਾਰਨ ਕਮਰੇ ਵਿਚ ਜ਼ਹਿਰੀਲੀ ਕਾਰਬਨ ਮੋਨੋਆਕਸਾਈਡ ਇੱਕਠੀ ਹੋ ਗਈ, ਜਿਸ ਨਾਲ ਤਿੰਨਾਂ ਦੀ ਮੌਤ ਹੋ ਗਈ। ਪੁਲੀਸ ਫਲੈਟ ਵਿੱਚ ਦਾਖਲ ਹੋਈ ਤਾਂ ਉਨ੍ਹਾਂ ਨੂੰ ਤਿੰਨਾਂ ਦੀਆਂ ਲਾਸ਼ਾਂ ਬੈੱਡਰੂਮ ਵਿੱਚ ਪਈਆਂ ਮਿਲੀਆਂ, ਜਿਨ੍ਹਾਂ ਕੋਲ ਕੋਲੇ ਦੀ ਅੱਗ ਬਲ ਰਹੀ ਸੀ। ਸੁਸਾਈਡ ਨੋਟ ਫਲੈਟ ‘ਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਹ ਮਾਚਿਸ ਨਾ ਜਗਾਉਣ ਕਿਉਂਕਿ ਇਸ ਨਾਲ ਅੱਗ ਲੱਗ ਸਕਦੀ ਹੈ। ਅੰਗਰੇਜ਼ੀ ਵਿੱਚ ਸੁਸਾਈਡ ਨੋਟ ਵਿੱਚ ਲਿਖਿਆ, ‘ਬਹੁਤ ਜ਼ਿਆਦਾ ਜ਼ਹਿਰੀਲੀ ਗੈਸ, ਕਾਰਬਨ ਮੋਨੋਆਕਸਾਈਡ ਅੰਦਰ, ਇਹ ਜਲਣਸ਼ੀਲ ਹੈ। ਕਿਰਪਾ ਕਰਕੇ ਖਿੜਕੀ ਖੋਲ੍ਹ ਕੇ ਤੇ ਪੱਖਾ ਚਲਾ ਕੇ ਕਮਰੇ ਨੂੰ ਹਵਾਦਾਰ ਕਰੋ। ਮਾਚਿਸ, ਮੋਮਬੱਤੀ ਜਾਂ ਕਿਸੇ ਵੀ ਚੀਜ਼ ਦੀ ਰੋਸ਼ਨੀ ਨਾ ਕਰੋ! ਪਰਦਾ ਹਟਾਉਣ ਵੇਲੇ ਸਾਵਧਾਨ ਰਹੋ ਕਿਉਂਕਿ ਕਮਰਾ ਖਤਰਨਾਕ ਗੈਸ ਨਾਲ ਭਰਿਆ ਹੋਇਆ ਹੈ ਤੇ ਸਾਹ ਨਾ ਲਓ।’ ਗੁਆਂਢੀਆਂ ਨੇ ਪੁਲੀਸ ਨੂੰ ਦੱਸਿਆ ਹੈ ਕਿ ਔਰਤ ਦੇ ਪਤੀ ਦੀ ਪਿਛਲੇ ਸਾਲ ਕੋਵਿਡ ਨਾਲ ਮੌਤ ਹੋ ਗਈ ਸੀ ਅਤੇ ਪਰਿਵਾਰ ਉਦੋਂ ਤੋਂ ਪ੍ਰੇਸ਼ਾਨ ਸੀ। ਪੁਲੀਸ ਨੂੰ ਪਤਾ ਲੱਗਾ ਹੈ ਕਿ ਔਰਤ ਵੀ ਬਿਮਾਰ ਸੀ ਤੇ ਦੇਰ ਤੋਂ ਬਿਸਤਰ ’ਤੇ ਸੀ। ਨਿਗਮ ਦੇ ਕੌਂਸਲਰ ਤੇ ਗੁਆਂਢੀ ਮਨੀਸ਼ ਅਗਰਵਾਲ ਨੇ ਦੱਸਿਆ ਕਿ ਵਸੰਤ ਅਪਾਰਟਮੈਂਟਸ ਵਿੱਚ ਗਰਾਊਂਡ ਫਲੋਰ ’ਤੇ ਮ੍ਰਿਤਕ ਪਰਿਵਾਰ ਦੇ ਨਾਂ ’ਤੇ ਦੋ ਫਲੈਟ ਸਨ। ਪਰਿਵਾਰ ਦੇ ਤਿੰਨੋਂ ਮੈਂਬਰ ਫਲੈਟ ਨੰਬਰ-207 ਵਿੱਚ ਇਕੱਠੇ ਰਹਿੰਦੇ ਸਨ, ਜਦਕਿ ਦੂਜਾ ਫਲੈਟ ਕਿਰਾਏ ‘ਤੇ ਦਿੱਤਾ ਗਿਆ ਸੀ ਪਰ ਕੁਝ ਮਹੀਨੇ ਪਹਿਲਾਂ ਹੀ ਖਾਲੀ ਹੋ ਗਿਆ ਸੀ।

Leave a Reply

Your email address will not be published. Required fields are marked *