ਬੰਬੇ ਹਾਈ ਕੋਰਟ ਫਿਲਮਸਾਜ਼ ਅਵਿਨਾਸ਼ ਦਾਸ ਦੀ ਟਰਾਂਜ਼ਿਟ ਜ਼ਮਾਨਤ ਅਰਜ਼ੀ ਰੱਦ

ਮੁੰਬਈ : ਬੰਬੇ ਹਾਈ ਕੋਰਟ ਨੇ ਫਿਲਮਸਾਜ਼ ਅਵਿਨਾਸ਼ ਦਾਸ ਵੱਲੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਦਾਖ਼ਲ ਟਰਾਂਜ਼ਿਟ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਝਾਰਖੰਡ ਤੋਂ ਗ੍ਰਿਫ਼ਤਾਰ ਆਈਏਐੱਸ ਅਫ਼ਸਰ ਪੂਜਾ ਸਿੰਘਲ ਨਾਲ ਖਿਚਵਾਈ ਤਸਵੀਰ ਸਾਂਝੀ ਕਰਨ ਦੇ ਦੋਸ਼ ਹੇਠ ਗੁਜਰਾਤ ਪੁਲੀਸ ਨੇ ਦਾਸ ਖ਼ਿਲਾਫ਼ ਕੇਸ ਦਰਜ ਕੀਤਾ ਹੋਇਆ ਹੈ। ਜਸਟਿਸ ਭਾਰਤੀ ਡਾਂਗਰੇ ਦੇ ਵੈਕੇਸ਼ਨ ਬੈਂਚ ਨੇ ਦਾਸ ਦੀ ਟਰਾਂਜ਼ਿਟ ਪੇਸ਼ਗੀ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਫਿਲਮਸਾਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਰਾਹਤ ਲਈ ਢੁਕਵੀਂ ਥਾਂ ’ਤੇ ਪਹੁੰਚ ਕਰਨ। ਜਸਟਿਸ ਡਾਂਗਰੇ ਨੇ ਕਿਹਾ ਕਿ ਅਹਿਮਦਾਬਾਦ, ਜਿਥੇ ਦਾਸ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ, ਮੁੰਬਈ ਤੋਂ ਬਹੁਤੀ ਦੂਰ ਨਹੀਂ ਹੈ। ਜੱਜ ਨੇ ਕਿਹਾ ਕਿ ਉਹ ਅਹਿਮਦਾਬਾਦ ’ਚ ਸਬੰਧਤ ਅਦਾਲਤ ਕੋਲ ਗ੍ਰਿਫ਼ਤਾਰੀ ਤੋਂ ਬਚਣ ਜਾਂ ਕੋਈ ਹੋਰ ਰਾਹਤ ਲੈਣ ਲਈ ਪਹੁੰਚ ਕਰਨ। ਅਹਿਮਦਾਬਾਦ ਪੁਲੀਸ ਦੀ ਅਪਰਾਧ ਸ਼ਾਖਾ ਦੇ ਅਧਿਕਾਰੀ ਨੇ ਕਿਹਾ ਕਿ ਸ਼ਾਹ ਅਤੇ ਸਿੰਘਲ ਦੀ ਪੰਜ ਸਾਲ ਪਹਿਲਾਂ ਦੇ ਇਕ ਸਮਾਗਮ ਦੀ ਤਸਵੀਰ ਸੀ ਅਤੇ ਦਾਸ ਨੇ ਇਸ ਨੂੰ ਟਵੀਟ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਕੇਂਦਰੀ ਮੰਤਰੀ ਦੇ ਰੁਤਬੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਐੱਫਆਈਆਰ ’ਚ ਦਾਸ ਖ਼ਿਲਾਫ਼ ਕੌਮੀ ਝੰਡੇ ਦੇ ਕਥਿਤ ਅਪਮਾਨ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਉਸ ਨੇ 17 ਮਾਰਚ ਨੂੰ ਆਪਣੇ ਫੇਸਬੁੱਕ ’ਤੇ ਮਹਿਲਾ ਦੀ ਤਿਰੰਗਾ ਲਪੇਟੇ ਦੀ ਤਸਵੀਰ ਸਾਂਝੀ ਕੀਤੀ ਸੀ। ਜ਼ਿਕਰਯੋਗ ਹੈ ਕਿ ਅਵਿਨਾਸ਼ ਦਾਸ ਨੇ 2017 ’ਚ ਫਿਲਮ ‘ਅਨਾਰਕਲੀ ਆਫ਼ ਆਰਾ’ ਦਾ ਨਿਰਦੇਸ਼ਨ ਕੀਤਾ ਸੀ ਜਿਸ ’ਚ ਸਵਰਾ ਭਾਸਕਰ, ਸੰਜੈ ਮਿਸ਼ਰਾ ਅਤੇ ਪੰਕਜ ਤ੍ਰਿਪਾਠੀ ਨੇ ਭੂਮਿਕਾਵਾਂ ਨਿਭਾਈਆਂ ਸਨ।

Leave a Reply

Your email address will not be published. Required fields are marked *