ਯੂਪੀ ’ਚ 34 ਯਾਤਰੀਆਂ ਸਣੇ ਬੱਸ ‘ਅਗਵਾ’

ਲਖ਼ਨਊ/ਆਗਰਾ : ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਵਿਚ 34 ਮੁਸਾਫ਼ਰਾਂ ਵਾਲੀ ਇਕ ਪ੍ਰਾਈਵੇਟ ਬੱਸ ਨੂੰ ਫਾਈਨਾਂਸ ਕੰਪਨੀ ਦੇ ਰਿਕਵਰੀ ਏਜੰਟਾਂ ਨੇ ਅਗਵਾ ਕਰ ਲਿਆ। ਘਟਨਾ ਮਲਪੁਰਾ ਪੁਲੀਸ ਥਾਣੇ ਅਧੀਨ ਇਲਾਕੇ ਵਿਚ ਵਾਪਰੀ। ਬੱਸ ਹਰਿਆਣਾ ਦੇ ਗੁੜਗਾਓਂ ਤੋਂ ਮੱਧ ਪ੍ਰਦੇਸ਼ ਦੇ ਪੰਨਾ ਜਾ ਰਹੀ ਸੀ। ਵਧੀਕ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਅਵਸਥੀ ਨੇ ਕਿਹਾ ਕਿ ਚਾਲਕ, ਸਟਾਫ਼ ਤੇ ਯਾਤਰੀ ਸੁਰੱਖਿਅਤ ਹਨ, ਜਦਕਿ ਬੱਸ ਕਿੱਥੇ ਹੈ, ਇਸ ਬਾਰੇ ਉਨ੍ਹਾਂ ਕੁਝ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਕੰਪਨੀ ਨੇ ਗ਼ੈਰਕਾਨੂੰਨੀ ਢੰਗ ਨਾਲ ਬੱਸ ਜ਼ਬਤ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਬੱਸ ਦੇ ਮਾਲਕ ਦੀ ਮੰਗਲਵਾਰ ਮੌਤ ਹੋ ਗਈ ਸੀ ਤੇ ਉਸ ਦਾ ਪੁੱਤਰ ਪਿਤਾ ਦੀਆਂ ਆਖ਼ਰੀ ਰਸਮਾਂ ਕਰ ਰਿਹਾ ਹੈ। ਆਗਰਾ ਦੇ ਐੱਸਐੱਸਪੀ ਬਬਲੂ ਕੁਮਾਰ ਨੇ ਦੱਸਿਆ ਕਿ ਬੱਸ ਵਿਚੋਂ ਉਤਰੇ ਤਿੰਨ ਜਣਿਆਂ ਨੇ ਪੁਲੀਸ ਨੂੰ ਦੱਸਿਆ ਕਿ ਫਾਈਨਾਂਸ ਕੰਪਨੀ ਦੇ ਨੁਮਾਇੰਦੇ ਬੱਸ ਵਿਚ ਸਵਾਰ ਹੋ        ਗਏ ਹਨ। 

ਐੱਸਐੱਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਫਾਈਨਾਂਸ ਕੰਪਨੀ ਨੇ ਬੱਸ ਖ਼ਰੀਦਣ ਲਈ ਪੈਸੇ ਦਿੱਤੇ ਸਨ ਤੇ ਕੰਪਨੀ ਦੇ ਲੋਕ ਹੀ ਬੱਸ ਨੂੰ ਅਗਵਾ ਕਰ ਕੇ ਲੈ ਗਏ। ਪੁਲੀਸ ਨੇ ਮਗਰੋਂ ਬੱਸ ਲੱਭਣ ਲਈ ਟੀਮਾਂ ਦਾ ਗਠਨ ਕੀਤਾ। ਬੱਸ ਨੂੰ ਗਵਾਲੀਅਰ ਦਾ ਇਕ ਪ੍ਰਾਈਵੇਟ ਅਪਰੇਟਰ ਚਲਾ ਰਿਹਾ ਸੀ। ਪੁਲੀਸ ਮੁਤਾਬਕ ਘਟਨਾ ਮੰਗਲਵਾਰ ਰਾਤ ਕਰੀਬ 10.30 ਵਜੇ ਵਾਪਰੀ। ਦਕਸ਼ਿਨ ਬਾਈਪਾਸ ਉਤੇ ਰਾਇਭਾ ਟੌਲ ਪਲਾਜ਼ਾ ਕੋਲ ਦੋ ਗੱਡੀਆਂ ਵਿਚ ਸਵਾਰ 8-9 ਜਣਿਆਂ ਨੇ ਬੱਸ ਦਾ ਪਿੱਛਾ ਕੀਤਾ ਤੇ ਮਲਪੁਰਾ ਇਲਾਕੇ ਕੋਲ ਇਸ ਨੂੰ ਘੇਰ ਲਿਆ। ਉਨ੍ਹਾਂ ਡਰਾਈਵਰ ਤੇ ਕੰਡਕਟਰ ਨੂੰ ਲਾਹ ਦਿੱਤਾ ਅਤੇ ਸਵਾਰੀਆਂ ਨੂੰ ਰੌਲਾ ਨਾ ਪਾਉਣ ਲਈ ਕਿਹਾ। ਇਸ ਤੋਂ ਬਾਅਦ ਚਾਰ ਜਣੇ ਬੱਸ ਨੂੰ ਦਿੱਲੀ-ਕਾਨਪੁਰ ਮਾਰਗ ਉਤੇ ਕਿਤੇ ਲੈ ਗਏ। ਡਰਾਈਵਰ-ਕੰਡਕਟਰ ਨੇ ਹੀ ਮਗਰੋਂ ਪੁਲੀਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

Leave a Reply

Your email address will not be published. Required fields are marked *